ਭਿਵਾਨੀ ਤੇ ਚਰਖੀ ਦਾਦਰੀ ਜ਼ਿਲ੍ਹਿਆਂ ਵਿਚ ਮੋਬਾਈਲ ਇੰਟਰਨੈੱਟ ਸੇਵਾਵਾਂ ਮੁਅੱਤਲ
ਹਰਿਆਣਾ ਸਰਕਾਰ ਨੇ ਅਮਨ ਤੇ ਕਾਨੂੰਨ ਵਿਵਸਥਾ ਨਾਲ ਜੁੜੇ ਫ਼ਿਕਰਾਂ ਦੇ ਹਵਾਲੇ ਨਾਲ 21 ਅਗਸਤ ਨੂੰ ਸਵੇਰੇ 11:00 ਵਜੇ ਤੱਕ ਭਿਵਾਨੀ ਅਤੇ ਚਰਖੀ ਦਾਦਰੀ ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈੱਟ ਸੇਵਾਵਾਂ, ਬਲਕ ਐੱਸਐੱਮਐੱਸ (ਬੈਂਕਿੰਗ ਅਤੇ ਮੋਬਾਈਲ ਰਿਚਾਰਜ ਨੂੰ ਛੱਡ ਕੇ), ਅਤੇ ਸਾਰੀਆਂ ਡੋਂਗਲ ਸੇਵਾਵਾਂ ਨੂੰ ਮੁਅੱਤਲ ਕਰਨ ਦੇ ਆਦੇਸ਼ ਦਿੱਤੇ ਹਨ।
ਇਹ ਹੁਕਮ ਵਧੀਕ ਮੁੱਖ ਸਕੱਤਰ (ਗ੍ਰਹਿ) ਸੁਮਿਤਾ ਮਿਸ਼ਰਾ ਨੇ ਏਡੀਜੀਪੀ/ਸੀਆਈਡੀ ਹਰਿਆਣਾ ਅਤੇ ਦੋਵਾਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੀਆਂ ਰਿਪੋਰਟਾਂ ਦੇ ਅਧਾਰ ’ਤੇ ਜਾਰੀ ਕੀਤੇ ਗਏ ਹਨ। ਇਨ੍ਹਾਂ ਅਧਿਕਾਰੀਆਂ ਨੇ ਖਦਸ਼ਾ ਪ੍ਰਗਟਾਇਆ ਸੀ ਕਿ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਭੜਕਾਊ ਸਮੱਗਰੀ, ਅਫਵਾਹਾਂ ਅਤੇ ਗਲਤ ਜਾਣਕਾਰੀ ਜੋ ਅੰਦੋਲਨ, ਹਿੰਸਾ, ਅੱਗਜ਼ਨੀ ਅਤੇ ਭੰਨਤੋੜ ਨੂੰ ਭੜਕਾ ਸਕਦੀ ਹੈ। ਜ਼ਿਕਰਯੋਗ ਹੈ ਕਿ 13 ਅਗਸਤ ਨੂੰ ਭਿਵਾਨੀ ਜ਼ਿਲ੍ਹੇ ਦੇ ਸਿੰਘਾਨੀ ਪਿੰਡ ਵਿੱਚ ਇੱਕ ਨਹਿਰ ਦੇ ਨੇੜੇ ਮ੍ਰਿਤ ਮਿਲੀ ਸਕੂਲ ਅਧਿਆਪਕਾ ਮਨੀਸ਼ਾ ਨੂੰ ਇਨਸਾਫ਼ ਦਿਵਾਉਣ ਦੀ ਮੰਗ ਨੂੰ ਲੈ ਕੇ ਚੱਲ ਰਹੇ ਧਰਨੇ ਕਾਰਨ ਭਿਵਾਨੀ ਜ਼ਿਲ੍ਹੇ ਵਿੱਚ ਤਣਾਅ ਪੈਦਾ ਹੋ ਗਿਆ ਹੈ। ਪੁਲੀਸ ਨੇ ਕਤਲ ਦਾ ਕੇਸ ਦਰਜ ਕੀਤਾ ਹੈ ਅਤੇ ਹੁਣ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਸ਼ੱਕ ਹੈ ਕਿ ਇਹ ਖੁਦਕੁਸ਼ੀ ਦਾ ਮਾਮਲਾ ਜਾਪਦਾ ਹੈ। ਪ੍ਰਸ਼ਾਸਨ ਪਰਿਵਾਰ ਨੂੰ ਲਾਸ਼ ਦਾ ਅੰਤਿਮ ਸੰਸਕਾਰ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।