ਸਕੂਲ ਵਿੱਚ ਮਿਸ਼ਨ ਬੁਨਿਆਦ ਤਹਿਤ ਸਮਾਗਮ
ਸਿੱਖਿਆ ਵਿਭਾਗ ਵੱਲੋਂ ਮਿਸ਼ਨ ਬੁਨਿਆਦ ਅਤੇ ਹਰਿਆਣਾ ਸੁਪਰ 100 ਸਮਾਗਮਾਂ ਤਹਿਤ ਜਾਗਰੂਕਤਾ ਮੁਹਿੰਮ ਦੇ ਹਿੱਸੇ ਵਜੋਂ ਰਤੀਆ ਦੇ ਸਰਕਾਰੀ ਮਾਡਲ ਸੰਸਕ੍ਰਿਤੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਮਾਗਮ ਕੀਤਾ ਗਿਆ। ਐੱਸ ਡੀ ਐੱਮ ਸੁਰੇਂਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸ਼ਮ੍ਹਾ ਰੌਸ਼ਨ ਕਰਕੇ ਉਦਘਾਟਨ ਕੀਤਾ। ਮੁੱਖ ਮਹਿਮਾਨ ਨੇ ਕਿਹਾ ਕਿ ਰਾਜ ਸਰਕਾਰ ਦੇ ਮਿਸ਼ਨ ਬੁਨਿਆਦ ਅਤੇ ਹਰਿਆਣਾ ਸੁਪਰ-100 ਪ੍ਰੋਗਰਾਮ ਵਿਦਿਆਰਥੀਆਂ ਦੇ ਭਵਿੱਖ ਦੀ ਨੀਂਹ ਨੂੰ ਮਜ਼ਬੂਤ ਕਰਨਗੇ। ਉਹ ਉਨ੍ਹਾਂ ਦੀਆਂ ਛੁਪੀਆਂ ਪ੍ਰਤਿਭਾਵਾਂ ਨੂੰ ਉਜਾਗਰ ਕਰਨਗੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਯੋਗਤਾਵਾਂ, ਸਮਰੱਥਾਵਾਂ ਅਤੇ ਰੁਚੀਆਂ ਦੇ ਆਧਾਰ ’ਤੇ ਭਵਿੱਖ ਦੇ ਕੋਰਸਾਂ ਲਈ ਤਿਆਰ ਕਰਨਗੇ। ਵਿਦਿਆਰਥੀਆਂ ਨੇ ਹਰਿਆਣਵੀ ਸੱਭਿਆਚਾਰ ’ਤੇ ਆਧਾਰਿਤ ਗੀਤ ਪੇਸ਼ ਕਰਦੇ ਹੋਏ ਮਨਮੋਹਕ ਪ੍ਰਦਰਸ਼ਨ ਵੀ ਕੀਤਾ। ਸਮਾਰੋਹ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਐੱਸ ਡੀ ਐੱਮ ਸੁਰੇਂਦਰ ਸਿੰਘ ਨੇ ਕਿਹਾ ਕਿ ਇਹ ਮੁਹਿੰਮ ਉਨ੍ਹਾਂ ਨੂੰ ਸਭ ਤੋਂ ਵਧੀਆ ਮੌਕੇ ਪ੍ਰਦਾਨ ਕਰਨ ਅਤੇ ਮੁਕਾਬਲੇ ਵਾਲੇ ਮਾਹੌਲ ਨਾਲ ਜਾਣੂ ਕਰਵਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਮਿਸ਼ਨ ਬੁਨਿਆਦ ਲਈ ਆਨਲਾਈਨ ਰਜਿਸਟਰ ਕਰਕੇ ਇਨ੍ਹਾਂ ਯੋਜਨਾਵਾਂ ਦਾ ਲਾਭ ਚੁੱਕਣ ਦੀ ਸਲਾਹ ਦਿੱਤੀ। ਉਨ੍ਹਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਟੀਚੇ ਨਿਰਧਾਰਤ ਕਰਨ, ਸਖ਼ਤ ਮਿਹਨਤ ਕਰਨ ਅਤੇ ਇੱਕ ਉੱਜਵਲ ਭਵਿੱਖ ਬਣਾਉਣ ਦੇ ਨਾਲ-ਨਾਲ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣ। ਇਸ ਮੌਕੇ ਬਲਾਕ ਸਿੱਖਿਆ ਅਧਿਕਾਰੀ ਸ਼ਸ਼ੀ ਪ੍ਰਕਾਸ਼, ਪ੍ਰਿੰਸੀਪਲ ਨੰਦ ਕਿਸ਼ੋਰ, ਮਿਸ਼ਨ ਬੁਨਿਆਦ ਦੇ ਡਾਇਰੈਕਟਰ ਪ੍ਰਦੀਪ ਕੁਮਾਰ, ਕੋਆਰਡੀਨੇਟਰ ਸੁਰੇਂਦਰ ਕੁਮਾਰ, ਡੀ ਐੱਸ ਐੱਸ ਮੁਕੇਸ਼ ਕੁਮਾਰ ਤੇ ਕੁਲਦੀਪ ਸਿੰਘ ਆਦਿ ਹਾਜ਼ਰ ਸਨ।
