ਮਿੱਡ-ਡੇਅ ਵਰਕਰਾਂ ਵੱਲੋਂ ਮੰਗਾਂ ਨਾ ਮੰਨਣ ਦਾ ਦੋਸ਼
ਮਿੱਡ-ਡੇਅ ਮੀਲ ਵਰਕਰਜ਼ ਯੂਨੀਅਨ ਹਰਿਆਣਾ (ਸਬੰਧਤ ਸੀਆਈਟੀਯੂ ਅਤੇ ਸਰਵ ਕਰਮਚਾਰੀ ਸੰਘ ਹਰਿਆਣਾ) ਜ਼ਿਲ੍ਹਾ ਪ੍ਰਧਾਨ ਨੀਲਮ ਭੱਟੀ ਦੀ ਪ੍ਰਧਾਨਗੀ ਹੇਠ ਇਕੱਠੀਆਂ ਹੋਈਆਂ। ਮਿੱਡ-ਡੇਅ ਮੀਲ ਵਰਕਰਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਸਬੰਧੀ ਵਿਧਾਨ ਸਭਾ ਅਤੇ ਰਾਜ ਸਰਕਾਰ ਦੇ ਸਾਹਮਣੇ ਆਵਾਜ਼ ਬੁਲੰਦ ਕਰਨ ਲਈ ਯੂਨੀਅਨ ਦੇ ਆਗੂਆਂ ਨੇ ਮੰਗਾਂ ਸਬੰਧੀ ਮੰਗ ਪੱਤਰ ਸਢੌਰਾ ਵਿਧਾਨ ਸਭਾ ਤੋਂ ਕਾਂਗਰਸ ਦੇ ਵਿਧਾਇਕ ਚੌਧਰੀ ਅਕਰਮ ਖਾਨ ਨੂੰ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਸੌਂਪਿਆ। ਜ਼ਿਲ੍ਹਾ ਸਕੱਤਰ ਕਵਿਤਾ ਸ਼ਰਮਾ ਨੇ ਵਿਧਾਇਕ ਨੂੰ ਮੰਗ ਪੱਤਰ ਸੌਂਪਦੇ ਹੋਏ ਕਿਹਾ ਕਿ ਰਾਜ ਸਰਕਾਰ ਮਿੱਡ-ਡੇਅ ਮੀਲ ਵਰਕਰਾਂ ਦੀਆਂ ਸਮੱਸਿਆਵਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕਰ ਰਹੀ ਹੈ। ਵਰਕਰ ਗਰੀਬੀ ਅਤੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਵੱਧ ਰਹੀ ਮਹਿੰਗਾਈ ਵਿੱਚ ਉਨ੍ਹਾਂ ਦਾ ਜਿਊਣਾ ਵੀ ਦੁੱਭਰ ਹੁੰਦਾ ਜਾ ਰਿਹਾ ਹੈ। ਇਨ੍ਹਾਂ ਹਾਲਾਤਾਂ ਵਿੱਚ, ਹਰਿਆਣਾ ਦੇ ਮਿੱਡ-ਡੇਅ ਮੀਲ ਵਰਕਰ ਆਪਣੀਆਂ ਮੰਗਾਂ ਨੂੰ ਲੈ ਕੇ 3 ਅਗਸਤ ਨੂੰ ਪਾਣੀਪਤ ਵਿੱਚ ਸਿੱਖਿਆ ਮੰਤਰੀ ਮਹੀਪਾਲ ਢਾਂਡਾ ਦੇ ਦਰਵਾਜ਼ੇ ਅੱਗੇ ਪ੍ਰਦਰਸ਼ਨ ਕਰਨਗੇ। ਇਸ ਮੌਕੇ ਪ੍ਰਕਾਸ਼ ਕੌਰ, ਪੂਜਾ, ਸੁਮਨ, ਸਰੋਜ, ਊਸ਼ਾ, ਕੈਲਾਸ਼, ਮਮਤਾ, ਊਸ਼ਾ, ਸੀਆਈਟੀਯੂ ਆਗੂ ਰੋਸ਼ਨ ਲਾਲ ਅਤੇ ਵਿਨੋਦ ਤਿਆਗੀ ਮੌਜੂਦ ਸਨ । ਉਨ੍ਹਾਂ ਕਿਹਾ ਕਿ ਵਰਕਰਾਂ ਨੂੰ ਘੱਟੋ-ਘੱਟ 26 ਹਜ਼ਾਰ ਰੁਪਏ ਤਨਖਾਹ, ਛਾਂਟੀ ਕੀਤੇ ਕਾਮਿਆਂ ਨੂੰ ਨੌਕਰੀ ‘ਤੇ ਬਹਾਲੀ, ਸੱਟ ਲੱਗਣ ਦੀ ਸੂਰਤ ਵਿੱਚ, ਇਲਾਜ ਅਤੇ 50 ਹਜ਼ਾਰ ਰੁਪਏ ਅਤੇ ਮੌਤ ਹੋਣ ਦੀ ਸੂਰਤ ਵਿੱਚ, ਆਸ਼ਰਿਤਾਂ ਨੂੰ 5 ਲੱਖ ਰੁਪਏ ਮੁਆਵਜ਼ਾ ਦੇਣਾ, ਈਐੱਸਆਈ ਅਤੇ ਪੀਐੱਫ ਸਕੀਮ ਲਾਗੂ ਕਰਨਾ ਸ਼ਾਮਲ ਹਨ ।