ਦਲਿਤ ਅਧਿਕਾਰ ਮੰਚ ਹਰਿਆਣਾ ਦੇ ਮੈਂਬਰਾਂ ਵੱਲੋਂ ਰੋਸ ਪ੍ਰਦਰਸ਼ਨ; ਡੀਜੀਪੀ ਅਤੇ ਪੁਲੀਸ ਸੁਪਰਡੈਂਟ ਖ਼ਿਲਾਫ਼ ਕਾਰਵਾਈ ਦੀ ਮੰਗ
ਹਰਿਆਣਾ ਦੇ ਸੀਨੀਅਰ ਆਈਪੀਐਸ ਅਧਿਕਾਰੀ ਵਾਈ ਪੂਰਨ ਕੁਮਾਰ ਦੀ ਮੌਤ ਦੇ ਸਬੰਧ ਵਿੱਚ ਦਲਿਤ ਅਧਿਕਾਰ ਮੰਚ ਹਰਿਆਣਾ ਦੇ ਮੈਂਬਰਾਂ ਨੇ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕਰਕੇ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਜਥੇਬੰਦੀ ਦੇ ਮੈਂਬਰਾਂ ਨੇ ਕਿਹਾ ਕਿ ਜੇਕਰ ਜਲਦੀ ਇਨਸਾਫ਼ ਨਾ ਦਿੱਤਾ ਗਿਆ ਤਾਂ ਵੱਡਾ ਅੰਦੋਲਨ ਵਿੱਢਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਡੀ.ਜੀ.ਪੀ ਅਤੇ ਪੁਲੀਸ ਸੁਪਰਡੈਂਟ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ, ਕਿਉਂਕਿ ਸਰਕਾਰ ਇਸ ਪ੍ਰਕਿਰਿਆ ਵਿੱਚ ਲਗਾਤਾਰ ਦੇਰੀ ਕਰ ਰਹੀ ਹੈ, ਜੋ ਕਿ ਭਾਜਪਾ ਸਰਕਾਰ ਲਈ ਨੁਕਸਾਨਦੇਹ ਹੋਵੇਗਾ। ਮੰਚ ਦੇ ਮੈਂਬਰਾਂ ਨੇ ਤਹਿਸੀਲਦਾਰ ਰਾਹੀਂ ਰਾਜਪਾਲ ਨੂੰ ਮੰਗਾਂ ਦਾ ਮੰਗ ਪੱਤਰ ਭੇਜਿਆ।
ਸ਼ਿਵ ਚਰਨ ਦੀ ਅਗਵਾਈ ਹੇਠ ਦਲਿਤ ਅਧਿਕਾਰ ਮੰਚ ਹਰਿਆਣਾ ਦੇ ਮੈਂਬਰ ਜਵਾਹਰ ਪਾਰਕ ਵਿਖੇ ਇਕੱਠੇ ਹੋਏ। ਇਸ ਤੋਂ ਬਾਅਦ ਉਹ ਸਰਕਾਰ, ਹਰਿਆਣਾ ਦੇ ਡੀਜੀਪੀ ਸ਼ਤਰੁਨਜੀਤ ਕਪੂਰ ਅਤੇ ਰੋਹਤਕ ਦੇ ਐਸਪੀ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਪਿਹਵਾ ਚੌਕ ਵੱਲ ਵਧੇ।
ਨਰੇਸ਼ ਰੋਹੇੜਾ ਨੇ ਮੰਗ ਕੀਤੀ ਕਿ ਡੀਜੀਪੀ ਸ਼ਤਰੂਜੀਤ ਕਪੂਰ ਨੂੰ ਤੁਰੰਤ ਹਟਾਇਆ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਤਾਂ ਜੋ ਵਾਈ ਪੂਰਨ ਕੁਮਾਰ ਦੇ ਪਰਿਵਾਰ ਨੂੰ ਇਨਸਾਫ਼ ਮਿਲ ਸਕੇ।