ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦਿਵਾਉਣ ਸਬੰਧੀ ਮੀਟਿੰਗ
ਅੱਜ ਜਮਹੂਰੀ ਕਿਸਾਨ ਸਭਾ ਅਤੇ ਦੇਹਾਤੀ ਮਜ਼ਦੂਰ ਸਭਾ ਦੀ ਸਾਂਝੀ ਮੀਟਿੰਗ ਕਿਸਾਨ ਰੈਸਟ ਹਾਊਸ ਰਤੀਆ ਵਿਖੇ ਜਸਪਾਲ ਸਿੰਘ ਖੁੰਡਣ ਦੀ ਪ੍ਰਧਾਨਗੀ ਹੇਠ ਹੋਈ। ਇਸ ਦਾ ਸੰਚਾਲਨ ਜਮਹੂਰੀ ਕਿਸਾਨ ਸਭਾ ਦੇ ਸੂਬਾ ਸਕੱਤਰ ਰਮੇਸ਼ ਰੱਤਾਖੇੜਾ ਨੇ ਕੀਤਾ। ਜਿਸ ਵਿੱਚ ਜਮਹੂਰੀ ਕਿਸਾਨ ਸਭਾ ਦੇ ਬੁਲਾਰੇ ਤੇਜਿੰਦਰ ਰਤੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਵਿੱਚ ਹੜ੍ਹਾਂ ਕਾਰਨ ਬਹੁਤ ਤਬਾਹੀ ਹੋਈ ਹੈ। ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ ਹੈ। ਵੱਡੀ ਗਿਣਤੀ ਵਿੱਚ ਘਰ ਢਹਿ ਗਏ ਹਨ, ਜਿਨ੍ਹਾਂ ਵਿੱਚ ਗਰੀਬ ਪਰਿਵਾਰਾਂ ਦੀ ਗਿਣਤੀ ਵੀ ਵੱਡੀ ਹੈ ਪਰ ਸਰਕਾਰ ਗੰਭੀਰ ਨਹੀਂ ਹੈ, ਹਰਿਆਣਾ ਦੇ ਲੋਕ ਇੱਕ ਦੂਜੇ ਦਾ ਸਹਿਯੋਗ ਕਰ ਰਹੇ ਹਨ। ਤੇਜਿੰਦਰ ਸਿੰਘ ਨੇ ਕਿਹਾ ਕਿ 9 ਸਤੰਬਰ ਨੂੰ ਸਵੇਰੇ 11 ਵਜੇ ਰਤੀਆ ਕਿਸਾਨ ਰੈਸਟ ਹਾਊਸ ਵਿੱਚ ਤਹਿਸੀਲ ਪੱਧਰ ’ਤੇ ਹੜ੍ਹ ਰਾਹਤ ਲਈ ਇੱਕ ਤਾਲਮੇਲ ਕਮੇਟੀ ਬਣਾਈ ਜਾਵੇਗੀ, ਜੋ ਸੰਯੁਕਤ ਕਿਸਾਨ ਮੋਰਚਾ ਦਾ ਇੱਕ ਹਿੱਸਾ ਹੈ। ਜਿਸ ਵਿੱਚ ਜਮਹੂਰੀ ਕਿਸਾਨ ਸਭਾ, ਸੇਵਾਮੁਕਤ ਕਰਮਚਾਰੀ ਯੂਨੀਅਨ ਰਤੀਆ ਅਤੇ ਹੋਰ ਸੰਗਠਨਾਂ ਦੀ ਮੁੱਖ ਲੀਡਰਸ਼ਿਪ ਨੂੰ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਵੀ ਅਪੀਲ ਕੀਤੀ ਗਈ ਹੈ। ਗੁਰਪ੍ਰੀਤ ਸਿੰਘ ਨੈਨ ਤਹਿਸੀਲ ਸਕੱਤਰ ਜਮਹੂਰੀ ਕਿਸਾਨ ਸਭਾ ਨੇ ਕਿਹਾ ਕਿ 9 ਸਤੰਬਰ ਨੂੰ ਐੱਸ.ਡੀ.ਐੱਮ. ਰਾਹੀਂ ਹਰਿਆਣਾ ਸਰਕਾਰ ਨੂੰ ਇੱਕ ਮੰਗ ਪੱਤਰ ਸੌਂਪਿਆ ਜਾਵੇਗਾ। ਜਿਸ ਵਿਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਬਣਦਾ ਮੁਆਵਜ਼ਾ ਦੇਣ ਸਬੰਧੀ ਅਤੇ ਹੋਰ ਮੰਗਾ ਸ਼ਾਮਲ ਹੋਣਗੀਆਂਂ। ਇਸ ਮੌਕੇ ਸਤਨਾਮ ਚੰਦ ਬੁਰਜਾ ਤੇ ਹੋਰਾਂ ਨੇ ਮੀਟਿੰਗ ਨੂੰ ਸੰਬੋਧਨ ਕੀਤਾ।