ਤਗ਼ਮਾ ਜੇਤੂ ਖਿਡਾਰੀਆਂ ਦਾ ਡੀਈਓ ਅਤੇ ਕੋਚ ਵੱਲੋਂ ਸਨਮਾਨ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 3 ਜੁਲਾਈ
ਹਰਿਆਣਾ ਖੇਡ ਵਿਭਾਗ ਵੱਲੋਂ ਹਾਲ ਹੀ ਵਿੱਚ ਤਾਊ ਦੇਵੀ ਲਾਲ ਸਟੇਡੀਅਮ ਵਿੱਚ ਹਰਿਆਣਾ ਰਾਜ ਸੀਨੀਅਰ ਮਹਿਲਾ ਤੇ ਪੁਰਸ਼ ਮੁੱਕੇਬਾਜ਼ੀ ਚੈਂਪੀਅਨਸ਼ਿਪ ਕਰਵਾਈ ਗਈ। ਇਸ ਸੂਬਾ ਪੱਧਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਕੁਰੂਕਸ਼ੇਤਰ ਦੇ ਚਾਰ ਖਿਡਾਰੀਆਂ ਨੇ ਵੱਖ-ਵੱਖ ਸ਼੍ਰੇਣੀਆਂ ਵਿੱਚ ਚਾਰ ਤਗ਼ਮੇ ਜਿੱਤੇ। ਇਨਾਂ ਖਿਡਾਰੀਆਂ ਨੂੰ ਜ਼ਿਲ੍ਹਾ ਖੇਡ ਅਧਿਕਾਰੀ ਮਨੋਜ ਕੁਮਾਰ ਤੇ ਕੋਚ ਜਤਿੰਦਰ ਸਿੰਘ ਨੇ ਅੱਜ ਸਨਮਾਨਿਤ ਕੀਤਾ। ਜ਼ਿਲ੍ਹਾ ਖੇਡ ਅਧਿਕਾਰੀ ਮਨੋਜ ਕੁਮਾਰ ਨੇ ਖਿਡਾਰੀਆਂ ਦੇ ਨਾਲ ਨਾਲ ਕੋਚ ਜਤਿੰਦਰ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਕੁਰੂਕਸ਼ੇਤਰ ਦੇ ਖਿਡਾਰੀ ਹਰ ਖੇਡ ਵਿੱਚ ਜ਼ਿਲ੍ਹੇ ਦੇ ਨਾਲ-ਨਾਲ ਸੂਬੇ ਦਾ ਨਾਂ ਵੀ ਰੋਸ਼ਨ ਕਰ ਰਹੇ ਹਨ। ਹਾਲ ਹੀ ਵਿਚ ਹੋਏ ਖੇਡ ਮੁਕਾਬਲਿਆਂ ਵਿਚ ਕੁਰੂਕਸ਼ੇਤਰ ਦੀਆਂ ਪ੍ਰਤਿਭਾਵਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਨ੍ਹਾਂ ਖਿਡਾਰੀਆਂ ਨੂੰ ਸਰਕਾਰ ਵੱਲੋਂ ਉੱਚ ਪੱਧਰੀ ਸਹੂਲਤਾਂ ਤੇ ਚੰਗੀ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਕਾਰਨ ਖਿਡਾਰੀ ਖੇਡਾਂ ਦੇ ਖੇਤਰ ਵਿਚ ਸ਼ਲਾਘਾਯੋਗ ਪ੍ਰਦਰਸ਼ਨ ਕਰ ਰਹੇ ਹਨ। ਮੁੱਕੇਬਾਜ਼ੀ ਕੋਚ ਜਤਿੰਦਰ ਸਿੰਘ ਨੇ ਦੱਸਿਆ ਕਿ ਪੰਚਕੂਲਾ ਦੇ ਤਾਊ ਦੇਵੀ ਲਾਲ ਸਟੇਡੀਅਮ ਵਿੱਚ ਹੋਈ ਹਰਿਆਣਾ ਸੀਨੀਅਰ ਸਟੇਟ ਮਹਿਲਾ ਤੇ ਪੁਰਸ਼ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਨਿਤਿਕਾ ਨੇ 59 ਕਿਲੋਗਰਾਮ ਭਾਰ ਵਰਗ ਵਿੱਚ ਕਾਂਸੀ, ਵੰਸ਼ ਨੇ 70 ਕਿਲੋਗਰਾਮ ਭਾਰ ਵਰਗ ਵਿੱਚ ਕਾਂਸੀ, ਦਿਲਾਵਰ ਨੇ 90 ਕਿਲੋਗਰਾਮ ਵਿਚ ਕਾਂਸੀ ਦਾ ਤਗਮਾ ਜਿੱਤਿਆ। ਉਨ੍ਹਾਂ ਕਿਹਾ ਕਿ ਹੋਰਨਾਂ ਨੌਜਵਾਨਾਂ ਨੂੰ ਇਨ੍ਹਾਂ ਖਿਡਾਰੀਆਂ ਤੋਂ ਇਨ੍ਹਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।