ਪੰਦਰਾਂ ਸਾਲਾਂ ਵਿੱਚ ਦੂਜੀ ਵਾਰ ਮਈ ਮਹੀਨਾ ਘੱਟ ਗਰਮ
ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਮਈ
ਇੱਥੇ 2025 ਦੀ ਮਈ ਨੂੰ 15 ਸਾਲਾਂ ਵਿੱਚ ਦੂਜਾ ਸਭ ਤੋਂ ਘੱਟ ਗਰਮ ਮਹੀਨਾ ਦਰਜ ਕੀਤਾ ਗਿਆ ਹੈ। ਮੌਸਮ ਮਹਿਕਮੇ ਮੁਤਾਬਕ ਜੂਨ ਦਾ ਪਹਿਲਾ ਹਫ਼ਤਾ ਵੀ ਇਸੇ ਤਰ੍ਹਾਂ ਹੀ ਰਹਿਣ ਵਾਲਾ ਹੈ। ਇਸ ਸਾਲ ਮਈ ਵਿੱਚ ਇੱਕ ਦਿਨ ਵੀ ਲੂ ਨਹੀਂ ਵਗੀ। ਮਹੀਨੇ ਵਿੱਚ ਵੱਧ ਤੋਂ ਵੱਧ ਤਾਪਮਾਨ 21 ਦਿਨਾਂ ਲਈ, ਘੱਟੋ-ਘੱਟ ਤਾਪਮਾਨ 17 ਦਿਨਾਂ ਲਈ ਆਮ ਤੋਂ ਘੱਟ ਦਰਜ ਕੀਤਾ ਗਿਆ। ਮਹੀਨੇ ਦਾ ਔਸਤ ਵੱਧ ਤੋਂ ਵੱਧ ਤਾਪਮਾਨ 37.5 ਡਿਗਰੀ ਦਰਜ ਕੀਤਾ ਗਿਆ, ਜੋ ਕਿ ਆਮ 39.5 ਡਿਗਰੀ ਤੋਂ ਦੋ ਡਿਗਰੀ ਘੱਟ ਹੈ। ਇਸ ਤੋਂ ਪਹਿਲਾਂ 2021 ਵਿੱਚ ਵੀ ਇਹੀ ਸੀ। ਮਹੀਨੇ ਦਾ ਔਸਤ ਘੱਟੋ-ਘੱਟ ਤਾਪਮਾਨ 25.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਮਈ ਮਹੀਨੇ ਵਿੱਚ ਪਏ ਮੀਂਹ ਨੇ ਰਿਕਾਰਡ ਬਣਾਇਆ। 1901 ਤੋਂ 2025 ਤੱਕ ਇਹ ਮਈ ਸਭ ਤੋਂ ਵੱਧ ਮੀਂਹ ਵਾਲਾ ਮਹੀਨਾ ਬਣ ਗਿਆ ਹੈ। ਇਸ ਮਈ ਵਿੱਚ 188.9 ਮਿਲੀਮੀਟਰ ਬਾਰਿਸ਼ ਹੋਈ ਹੈ ਜੋ ਕਿ ਮਈ 2008 ਵਿੱਚ ਹੋਈ 165 ਮਿਲੀਮੀਟਰ ਬਾਰਿਸ਼ ਤੋਂ ਵੱਧ ਹੈ। ਮਹੀਨੇ ਵਿੱਚ ਤੇਜ਼ ਤੂਫਾਨ ਅਤੇ ਬਾਰਿਸ਼ ਦੇਖੀ ਗਈ। ਅਧਿਕਾਰਤ ਅੰਕੜਿਆਂ ਅਨੁਸਾਰ ਦਿੱਲੀ ਵਿੱਚ ਚਾਰ ਦਿਨ 2, 17, 21 ਅਤੇ 25 ਮਈ ਨੂੰ ਮੀਂਹ ਦਰਜ ਕੀਤਾ ਗਿਆ। ਹੋਰ ਕੇਂਦਰਾਂ ‘ਤੇ ਪਾਲਮ ਅਤੇ ਰਿਜ ਵਿੱਚ ਸੱਤ-ਸੱਤ ਦਿਨ, ਅਯਾਨਗਰ ਵਿੱਚ ਤਿੰਨ ਅਤੇ ਲੋਧੀ ਰੋਡ ਵਿੱਚ ਚਾਰ ਦਿਨ ਮੀਂਹ ਦਰਜ ਕੀਤਾ ਗਿਆ। ਮਈ ਵਿੱਚ ਆਮ ਮਹੀਨਾਵਾਰ ਮੀਂਹ 62.6 ਔਸਤ ਮਿਲੀਮੀਟਰ ਹੈ, ਜਦੋਂ ਕਿ ਇਸ ਸਾਲ ਕੁੱਲ ਮੀਂਹ ਆਮ ਨਾਲੋਂ 202 ਫ਼ੀਸਦ ਵੱਧ ਰਿਹਾ ਹੈ।