ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੁਰੂ ਤੇਗ ਬਹਾਦਰ ਦਾ ਸ਼ਹੀਦੀ ਦਿਹਾੜਾ ਮਨਾਇਆ

ਗੁਰੂ ਸਾਹਿਬ ਦੀਆਂ ਸਿੱਖਿਆਵਾਂ ’ਤੇ ਚੱਲਣ ਦਾ ਸੱਦਾ
ਜੀਂਦ ਵਿੱਚ ਸਮਾਗਮ ਦੌਰਾਨ ਕੀਰਤਨ ਕਰਦਾ ਹੋਇਆ ਰਾਗੀ ਜਥਾ।
Advertisement

ਨੌਵੀਂ ਪਾਤਸ਼ਾਹੀ ਗੁਰੂ ਤੇਗ਼ ਬਹਾਦਰ ਦਾ ਸ਼ਹੀਦੀ ਦਿਹਾੜਾ ਇੱਥੇ ਸਥਿਤ ਇਤਿਹਾਸਕ ਗੁਰਦੁਆਰਾ ਗੁਰੂ ਤੇਗ਼ ਬਹਾਦਰ ਸਾਹਿਬ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਗਿਆ। ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿੱਚ ਰੱਖੇ ਗਏ 14 ਸਹਿਜ ਪਾਠਾਂ ਸਮੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਮਗਰੋਂ ਸਜਾਏ ਗਏ ਧਾਰਮਿਕ ਦੀਵਾਨ ਵਿੱਚ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਸਬੀਰ ਸਿੰਘ ਰਮਦਾਸੀਆ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ।

ਗੁਰੂ ਘਰ ਦੇ ਬੁਲਾਰੇ ਬਲਵਿੰਦਰ ਸਿੰਘ ਨੇ ਸੰਗਤ ਨਾਲ ਇਤਿਹਾਸ ਸਾਂਝਾ ਕਰਦਿਆਂ ਦੱਸਿਆ ਕਿ ਸੰਨ 1675 ਵਿੱਚ ਜਦੋਂ ਦਿੱਲੀ ਦੇ ਸ਼ਾਸਕ ਔਰੰਗਜ਼ੇਬ ਨੇ ਗੁਰੂ ਜੀ ’ਤੇ ਧਰਮ ਛੱਡਣ ਲਈ ਦਬਾਅ ਪਾਇਆ ਤਾਂ ਉਨ੍ਹਾਂ ਨੇ ਆਪਣੇ ਸਿਧਾਂਤਾਂ ਤੋਂ ਪਿੱਛੇ ਹਟਣ ਦੀ ਬਜਾਏ ਪੂਰੀ ਦ੍ਰਿੜ੍ਹਤਾ ਨਾਲ ਇਸ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਸੀ ਕਿ ਧਰਮ ਦੀ ਰਾਖੀ ਕਰਨਾ ਉਨ੍ਹਾਂ ਦਾ ਮੁੱਢਲਾ ਫਰਜ਼ ਹੈ। ਇਸ ਮਗਰੋਂ ਸਾਜ਼ਿਸ਼ ਤਹਿਤ ਉਨ੍ਹਾਂ ਨੂੰ ਕੈਦ ਕੀਤਾ ਗਿਆ ਅਤੇ ਬਾਅਦ ਵਿੱਚ ਸ਼ਹੀਦ ਕਰ ਦਿੱਤਾ ਗਿਆ। ਲਾਸਾਨੀ ਕੁਰਬਾਨੀ ਕਾਰਨ ਉਨ੍ਹਾਂ ਨੂੰ ‘ਹਿੰਦ ਦੀ ਚਾਦਰ’ ਵੀ ਕਿਹਾ ਜਾਂਦਾ ਹੈ।

Advertisement

ਉਨ੍ਹਾਂ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਕਿਹਾ ਕਿ ਸਾਨੂੰ ਉਨ੍ਹਾਂ ਦੀਆਂ ਮਹਾਨ ਸਿੱਖਿਆਵਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਦੀਵਾਨ ਦੀ ਸਮਾਪਤੀ ਮਗਰੋਂ ਸੰਗਤ ਵਿੱਚ ਗੁਰੂ ਦਾ ਅਟੁੱਟ ਲੰਗਰ ਵਰਤਾਇਆ ਗਿਆ। ਇਸ ਦੇ ਨਾਲ ਹੀ ਜੀਂਦ ਜ਼ਿਲ੍ਹੇ ਦੇ ਪਿੰਡ ਖਟਕੜ ਅਤੇ ਖਰਕਬੂਰਾ ਸਥਿਤ ਗੁਰਦੁਆਰਿਆਂ ਵਿੱਚ ਵੀ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਲੰਗਰ ਲਗਾਏ ਗਏ।

ਮੰਡੋਖਰਾ ਸਾਹਿਬ ਵਿੱਚ ਸ਼ਹੀਦੀ ਸ਼ਤਾਬਦੀ ਮਨਾਈ

ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਪਾਤਸ਼ਾਹੀ ਨੌਵੀਂ ਮੰਡੋਖਰਾ ਸਾਹਿਬ ਵਿੱਚ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਾਗੀ ਜਥਿਆਂ ਨੇ ਕੀਰਤਨ ਰਾਹੀਂ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ ਅਤੇ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕੀਤਾ। ਸਮਾਗਮ ਦੌਰਾਨ ਸੂਜਰਾ ਬੱਸ ਸਟੈਂਡ ’ਤੇ ਗੁਰਦੁਆਰਾ ਕਮੇਟੀ ਅਤੇ ਮੁੱਖ ਸੇਵਾਦਾਰ ਬਾਬਾ ਸੁਰਿੰਦਰ ਸਿੰਘ ਵੱਲੋਂ ਵਿਸ਼ਾਲ ਲੰਗਰ ਲਗਾਇਆ ਗਿਆ। ਇਸ ਸੇਵਾ ਵਿੱਚ ਵਲੰਟੀਅਰਾਂ ਅਤੇ ਸ਼ਰਧਾਲੂਆਂ ਨੇ ਭਾਰੀ ਉਤਸ਼ਾਹ ਨਾਲ ਹਿੱਸਾ ਲਿਆ। ਬਾਬਾ ਸੁਰਿੰਦਰ ਸਿੰਘ ਨੇ ਨਿੱਜੀ ਤੌਰ ’ਤੇ ਸੰਗਤ ਨੂੰ ਲੰਗਰ ਛਕਾਇਆ ਅਤੇ ਸੇਵਾ ਦੇ ਸੰਕਲਪ ਨੂੰ ਹੋਰ ਮਜ਼ਬੂਤ ਕੀਤਾ। ਰਾਹਗੀਰਾਂ, ਪਿੰਡ ਵਾਸੀਆਂ, ਬਜ਼ੁਰਗਾਂ ਅਤੇ ਨੌਜਵਾਨਾਂ ਸਮੇਤ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ। ਇਸ ਮੌਕੇ ਬਾਬਾ ਸੁਰਿੰਦਰ ਸਿੰਘ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਸਿਰਫ਼ ਸਿੱਖ ਕੌਮ ਲਈ ਹੀ ਨਹੀਂ ਸਗੋਂ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਸਮਾਜ ਵਿੱਚ ਆਪਸੀ ਭਾਈਚਾਰਾ, ਸਦਭਾਵਨਾ ਅਤੇ ਏਕਤਾ ਨੂੰ ਮਜ਼ਬੂਤ ਕਰਦੇ ਹਨ।

Advertisement
Show comments