ਭਾਈ ਮਤੀ ਦਾਸ ਦਾ ਸ਼ਹੀਦੀ ਦਿਹਾੜਾ ਮਨਾਇਆ
ਇੱਥੋਂ ਦੇ ਗੁਰਦੁਆਰਾ ਭਾਈ ਮਤੀ ਦਾਸ ਵਿੱਚ ਭਾਈ ਮਤੀ ਦਾਸ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਗੁਰਦੁਆਰੇ ਵਿੱਚ ਸ਼ਬਦ ਕੀਰਤਨ ਤੋਂ ਬਾਅਦ ਬੁਲਾਰਿਆਂ ਨੇ ਭਾਈ ਮਤੀ ਦਾਸ ਦੀ ਲਾਸਾਨੀ ਸ਼ਹਾਦਤ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਬੂੰਦਾ ਸਿੰਘ ਭੀਮਵਾਲ, ਬਲਦੇਵ ਸਿੰਘ ਆਹੂਜਾ, ਭਾਈ ਸਤਨਾਮ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਭਾਈ ਮਤੀ ਦਾਸ ਜੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਔਰੰਗਜ਼ੇਬ ਦੇ ਹੁਕਮ ’ਤੇ ਸਿਰ ਤੋਂ ਲੈ ਕੇ ਪੈਰਾਂ ਤੱਕ ਆਰੇ ਨਾਲ ਚੀਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਇਹ ਸਭ ਇਸ ਲਈ ਹੋਇਆ ਕਿਉਂਕਿ ਉਨ੍ਹਾਂ ਨੇ ਨੌਵੇਂ ਗੁਰੂ ਤੇਗ ਬਹਾਦਰ ਦੇ ਨਾਲ ਇਸਲਾਮ ਧਰਮ ਕਬੂਲ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।
ਬੁਲਾਰਿਆਂ ਨੇ ਕਿਹਾ ਕਿ ਭਾਈ ਮਤੀ ਦਾਸ ਨੇ ਇਸ ਅਸਹਿ ਅਤੇ ਅਕਹਿ ਤਸੀਹੇ ਨੂੰ ਪੂਰੀ ਸ਼ਾਂਤੀ ਅਤੇ ਸਿਦਕ ਨਾਲ ਸਵੀਕਾਰ ਕੀਤਾ ਅਤੇ ਆਪਣੇ ਧਰਮ ਤੇ ਗੁਰੂ ਪ੍ਰਤੀ ਅਟੁੱਟ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸੇ ਕਰਕੇ ਉਹ ਸਿੱਖ ਇਤਿਹਾਸ ਦੇ ਸਭ ਤੋਂ ਮਹਾਨ ਸ਼ਹੀਦਾਂ ਵਿੱਚੋਂ ਇੱਕ ਬਣ ਗਏ।
ਇਸ ਮੌਕੇ ਕੀਮਤੀ ਪ੍ਰਕਾਸ਼ ਛਿੱਬਰ, ਨਰਿੰਦਰ ਮਹਿਤਾ ਛਿੱਬਰ, ਸੁਰੇਂਦਰ ਮਹਿਤਾ ਛਿੱਬਰ ਅਤੇ ਦਵਿੰਦਰ ਮਹਿਤਾ ਛਿੱਬਰ ਨੇ ਕਿਹਾ, ‘ਸਾਨੂੰ ਆਪਣੇ ਪੁਰਖਿਆਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀਆਂ ਕੁਰਬਾਨੀਆਂ ’ਤੇ ਬਹੁਤ ਮਾਣ ਹੈ।’ ਇਸ ਮੌਕੇ ਗੁਰਦੁਆਰਾ ਪ੍ਰਬੰਧਕਾਂ ਨੇ ਭਾਈ ਕੀਮਤੀ ਪ੍ਰਕਾਸ਼ ਛਿੱਬਰ ਅਤੇ ਕੰਚਨ ਮਹਿਤਾ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ। ਬਲਦੇਵ ਸਿੰਘ ਆਹੂਜਾ ਨੇ ਦੱਸਿਆ ਕਿ ਭਾਈ ਮਤੀ ਦਾਸ ਦਾ ਸ਼ਹੀਦੀ ਦਿਹਾੜਾ 24 ਨਵੰਬਰ ਨੂੰ ਵੱਡੇ ਗੁਰਦੁਆਰੇ ਵਿੱਚ ਵੀ ਵੱਡੇ ਪੱਧਰ ’ਤੇ ਮਨਾਇਆ ਜਾਵੇਗਾ, ਜਿਸ ਵਿੱਚ ਰਾਗੀ ਜਥੇ ਸ਼ਬਦ ਕੀਰਤਨ ਕਰਨਗੇ ਅਤੇ ਵੱਖ-ਵੱਖ ਵਿਦਿਅਕ ਅਦਾਰਿਆਂ ਦੇ ਵਿਦਿਆਰਥੀ ਵੀ ਹਿੱਸਾ ਲੈਣਗੇ।
