ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਅਹੁਦਾ ਸੰਭਾਲਿਆ
ਮਾਰਕੀਟ ਕਮੇਟੀ ਥਾਨੇਸਰ ਦੇ ਚੇਅਰਮੈਨ ਸੁਰੇਸ਼ ਕੁਮਾਰ ਸੈਣੀ ਤੇ ਵਾਈਸ ਚੇਅਰਮੈਨ ਸ਼ਸ਼ੀਕਾਂਤ ਜੈਨ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਸਹੁੰ ਚੁੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਹਰਿਆਣਾ ਰਾਜ ਬਾਲ ਭਲਾਈ ਪਰਿਸ਼ਦ ਦੀ ਉਪ ਪ੍ਰਧਾਨ ਸੁਮਨ ਸੈਣੀ ਨੇ ਕਿਹਾ ਕਿ ਕੁਰੂਕਸ਼ੇਤਰ ਨੂੰ ਵਿਕਸਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਸਫਾਈ ਦੇ ਮਾਮਲੇ ਵਿੱਚ ਕੁਰੂਕਸ਼ੇਤਰ ਨੂੰ ਸੂਬੇ ਵਿੱਚ ਮੋਹਰੀ ਜ਼ਿਲ੍ਹਾ ਬਣਾਉਣ ਦਾ ਟੀਚਾ ਮਿੱਥਿਆ ਹੈ ਤੇ ਇਸ ਨੂੰ ਪੂਰਾ ਕਰਨ ਲਈ ਸਭ ਨੂੰ ਮਿਲ ਕੇ ਕੰਮ ਕਰਨਾ ਪਵੇਗਾ। ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਿੱਚ ਇਕ ਚੁਣੀ ਹੋਈ ਟੀਮ ਥਾਨੇਸਰ ਮਾਰਕੀਟ ਕਮੇਟੀ ਵਿੱਚ ਭੇਜੀ ਗਈ ਹੈ। ਇਹ ਇਕ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਲੋਕਾਂ ਨੂੰ ਚੁਣਿਆ ਗਿਆ ਹੈ ਜੋ ਦਿਨ ਰਾਤ ਕੰਮ ਕਰਦੇ ਹਨ। ਸਾਬਕਾ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਨੇ ਚੋਣਾਂ ਦੌਰਾਨ ਸੂਬੇ ਦੇ ਲੋਕਾਂ ਨਾਲ ਕੀਤੇ 44 ਵਾਅਦੇ ਪੂਰੇ ਕੀਤੇ ਹਨ। ਰੇਲਵੇ ਟਰੈਕ ਨੂੰ ਉੱਚਾ ਕੀਤਾ ਗਿਆ, ਸੜਕਾਂ ਨੂੰ ਮਜ਼ਬੂਤ, ਲਾਈਟਾਂ ਦਾ ਪ੍ਰਬੰਧ, ਸ਼ਹਿਰ ਵਿੱਚ ਸਿੱਖਿਆ ਦੇ ਖੇਤਰ ਵਿੱਚ ਬੇਮਿਸਾਲ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਥਾਨੇਸਰ ਸ਼ਹਿਰ ਵਿੱਚ ਆਉਣ ਵਾਲੀਆਂ ਸੜਕਾਂ ’ਤੇ ਮਹਾਂ ਭਾਰਤ ਦੇ ਥੀਮ ’ਤੇ ਗੇਟ ਬਣਾਏ ਜਾਣਗੇ। ਇਸ ਮੌਕੇ ਚੇਅਰਮੈਨ ਧਰਮਬੀਰ ਮਿਰਜ਼ਾਪੁਰ, ਗੁਰਨਾਮ ਸੈਣੀ, ਸਾਹਿਲ ਸੁਧਾ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਤੁਸ਼ਾਰ ਸੈਣੀ, ਅਨਿਲ ਕੁਮਾਰ, ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਵੰਦਨਾ ਸ਼ਰਮਾ ਤੇ ਮਲਕੀਤ ਢਾਂਡਾ ਆਦਿ ਮੌਜੂਦ ਸਨ।
