ਬੜੌਲੀ ਤੇ ਮੰਤਰੀਆਂ ਵੱਲੋਂ ਮਹਾ ਆਰਤੀ
ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬੜੌਲੀ ਨੇ ਬੀਤੀ ਸ਼ਾਮ ਬ੍ਰਹਮ ਸਰੋਵਰ ਪੁਰਸ਼ੋਤਮਪੁਰਾ ਬਾਗ਼ ਵਿੱਚ ਗੀਤਾ ਮਹਾ ਆਰਤੀ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਹਿੱਸਾ ਲਿਆ। ਇਸ ਤੋਂ ਪਹਿਲਾਂ ਉਨਾਂ ਤੇ ਸੂਬੇ ਦੇ ਖੁਰਾਕ ਸਪਲਾਈ ਖਪਤਕਾਰ ਮਾਮਲੇ ਮੰਤਰੀ ਰਾਜੇਸ਼ ਨਾਗਰ, ਖੇਡ ਮੰਤਰੀ ਗੌਰਵ ਗੌਤਮ, ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਗੋਲਡੀ ਤੇ ਕਈ ਹੋਰ ਪਤਵੰਤਿਆਂ ਨੇ ਕੌਮਾਂਤਰੀ ਗੀਤਾ ਮਹੋਤਸਵ ਵਿਚ ਬ੍ਰਹਮ ਸਰੋਵਰ ਦੀ ਮਹਾਂ ਆਰਤੀ ’ਤੇ ਪੂਜਾ ਕੀਤੀ ਤੇ ਆਰਤੀ ਦਾ ਰਸਮੀ ਉਦਘਾਟਨ ਕੀਤਾ। ਮੋਹਨ ਲਾਲ ਬੜੌਲੀ ਨੇ ਕਿਹਾ ਕਿ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ਦਾ ਇਕ ਅਮੀਰ ਮਿਥਿਹਾਸਕ ਤੇ ਅਧਿਆਤਮਿਕ ਇਤਿਹਾਸ ਹੈ। ਇਸ ਧਰਤੀ ਤੇ ਭਗਵਾਨ ਕ੍ਰਿਸ਼ਨ ਨੇ ਅਰਜਨ ਨੂੰ ਗੀਤਾ ਦਾ ਗਿਆਨ ਦਿੱਤਾ ਸੀ ਤੇ ਪਵਿੱਤਰ ਗ੍ਰੰਥ ਗੀਤਾ ਦੇ ਸ਼ਲੋਕਾਂ ਨੇ ਮਨੁੱਖਤਾ ਨੂੰ ਅਧਿਆਤਮਿਕ ਗਿਆਨ ਦਿੱਤਾ ਹੈ। ਉਨਾਂ ਕਿਹਾ ਕਿ ਮਾਣ ਵਾਲੀ ਗੱਲ ਹੈ ਕਿ ਵਿਦੇਸ਼ੀ ਵੀ ਪਵਿੱਤਰ ਗ੍ਰੰਥ ਗੀਤਾ ਪੜ੍ਹਦੇ ਹਨ ਤੇ ਗੀਤਾ ਅਨੁਸਾਰ ਆਪਣਾ ਜੀਵਨ ਜੀਅ ਰਹੇ ਹਨ। ਖੁਰਾਕ ਤੇ ਸਪਲਾਈ ਖਪਤਕਾਰ ਮਾਮਲਿਆਂ ਦੇ ਮੰਤਰੀ ਰਾਜੇਸ਼ ਨਾਗਰ ਨੇ ਕਿਹਾ ਕਿ ਮਹਾਨ ਗ੍ਰੰਥ ਗੀਤਾ ਦੀਆਂ ਸਿੱਖਿਆਵਾਂ ਅੱਜ ਦੀ ਨੌਜਵਾਨ ਪੀੜ੍ਹੀ ਲਈ ਜ਼ਰੂਰੀ ਹਨ। ਇਸ ਮੌਕੇ ਕੇ ਡੀ ਬੀ ਮੈਂਬਰ ਵਿਜੈ ਨਰੂਲਾ, ਕੈਪਟਨ ਅਮਰਜੀਤ ਸਿੰਘ, ਅਸ਼ੋਕ ਰੋਸ਼ਾ, ਸੈਣੀ ਸਮਾਜ ਸਭਾ ਦੇ ਪ੍ਰਧਾਨ ਗੁਰਨਾਮ ਸੈਣੀ, ਡਾ. ਅਕਲੇਸ਼ ਮੋਦਗਿਲ, ਰਾਜੇਸ਼ ਸ਼ਾਂਡਿਲਿਆ, ਡਾ. ਪ੍ਰੇਮ ਨਰਾਇਣ ਅਵਸਥੀ, ਦੀਪਕ ਗੁਪਤਾ, ਸੁਸ਼ੀਲਾ ਚਿੱਤਰਾ ਆਦਿ ਮੌਜੂਦ ਸਨ।
