ਲਵਪ੍ਰੀਤ ਪਟਿਆਲਾ ਨੇ ਜਿੱਤੀ ਝੰਡੀ ਦੀ ਕੁਸ਼ਤੀ
ਪਿੰਡ ਲਖਮੜੀ ਵਿੱਚ ਮੀਰ ਬਾਬਾ ਪੀਰ ਦੀ ਦਰਗਾਹ ’ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੋ-ਰੋਜ਼ਾ ਸਾਲਾਨਾ ਮੇਲੇ ਦੌਰਾਨ ਕੁਸ਼ਤੀ ਦੰਗਲ ਕਰਵਾਇਆ ਗਿਆ। ਮੀਰ ਬਾਬਾ ਪੀਰ ਕਮੇਟੀ ਵੱਲੋਂ ਕਰਵਾਏ ਇਸ ਦੰਗਲ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਨਾਮਵਰ ਪਹਿਲਵਾਨਾਂ ਨੇ ਹਿੱਸਾ ਲਿਆ ਅਤੇ ਆਪਣੀ ਤਾਕਤ ਦੇ ਜੌਹਰ ਦਿਖਾਏ।
ਇਸ ਦੰਗਲ ਦਾ ਮੁੱਖ ਖਿੱਚ ਦਾ ਕੇਂਦਰ ਇੱਕ ਲੱਖ ਰੁਪਏ ਦੀ ਝੰਡੀ ਦੀ ਕੁਸ਼ਤੀ ਸੀ, ਜੋ ਸੰਗਰੂਰ ਦੇ ਐੱਸ ਪੀ ਨਵਰੀਤ ਸਿੰਘ ਵਿਰਕ ਨੇ ਆਪਣੇ ਜੱਦੀ ਪਿੰਡ ਵਿੱਚ ਪੁਰਖਿਆਂ ਦੀ ਯਾਦ ਨੂੰ ਸਮਰਪਿਤ ਕਰਦਿਆਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਈ। ਇਸ ਇਨਾਮੀ ਕੁਸ਼ਤੀ ਦਾ ਉਦਘਾਟਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਏ ਡੀ ਸੀ ਮਹਿੰਦਰ ਸੈਣੀ ਨੇ ਪਹਿਲਵਾਨ ਲਵਪ੍ਰੀਤ ਸਿੰਘ ਪਟਿਆਲਾ ਅਤੇ ਵਿੱਕੀ ਪਹਿਲਵਾਨ ਚੰਡੀਗੜ੍ਹ ਨਾਲ ਹੱਥ ਮਿਲਾ ਕੇ ਕੀਤਾ। ਰੋਮਾਂਚਕ ਮੁਕਾਬਲੇ ਵਿੱਚ ਲਵਪ੍ਰੀਤ ਸਿੰਘ ਪਟਿਆਲਾ ਨੇ ਵਿੱਕੀ ਪਹਿਲਵਾਨ ਨੂੰ ਹਰਾ ਕੇ ਇੱਕ ਲੱਖ ਰੁਪਏ ਦਾ ਇਨਾਮ ਆਪਣੇ ਨਾਂ ਕੀਤਾ।
ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਮਹਿੰਦਰ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਨੂੰ ਸਰੀਰਕ ਤੇ ਮਾਨਸਿਕ ਤੌਰ ’ਤੇ ਮਜ਼ਬੂਤ ਬਣਾਉਣ ਲਈ ਖੇਡਾਂ ਨੂੰ ਉਤਸ਼ਾਹਿਤ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਜਿੰਮ, ਸਟੇਡੀਅਮ ਅਤੇ ਖੇਡ ਨਰਸਰੀਆਂ ਸਥਾਪਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਦਰਗਾਹ ਤੱਕ ਜਾਣ ਵਾਲੀ ਸੜਕ ਨੂੰ ਪੱਕਾ ਕਰਨ ਅਤੇ ਪਹਿਲਵਾਨਾਂ ਲਈ 31 ਹਜ਼ਾਰ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ।
ਐੱਸ ਪੀ ਨਵਰੀਤ ਸਿੰਘ ਵਿਰਕ ਨੇ ਕਿਹਾ ਕਿ ਇਹ ਦੰਗਲ ਪਿਛਲੇ 51 ਸਾਲਾਂ ਤੋਂ ਉਨ੍ਹਾਂ ਦੇ ਪੁਰਖਿਆਂ ਦੀ ਯਾਦ ਵਿੱਚ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਖੇਡਾਂ ਨੂੰ ਆਪਣੇ ਜੀਵਨ ਵਿੱਚ ਸਫਲਤਾ ਦਾ ਕਾਰਨ ਦੱਸਦਿਆਂ ਕਿਹਾ ਕਿ ਜੇ ਸਰਕਾਰ ਪਿੰਡ ਵਿੱਚ ਖੇਡ ਸਟੇਡੀਅਮ ਬਣਾਉਂਦੀ ਹੈ ਤਾਂ ਉਹ ਆਪਣੇ ਪੁਰਖਿਆਂ ਵਾਂਗ ਇਸ ਲਈ ਵੀ ਜ਼ਮੀਨ ਦਾਨ ਕਰਨ ਲਈ ਤਿਆਰ ਹਨ। ਇਸ ਮੌਕੇ ਮਹਿਲ ਕਲਾਂ ਤੋਂ ਵਿਧਾਇਕ ਕੁਲਦੀਪ ਸਿੰਘ ਪੰਡੋਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਪ੍ਰਸਿੱਧ ਪੰਜਾਬੀ ਗਾਇਕ ਗੁਲਾਬ ਸਿੱਧੂ ਨੇ ਆਪਣੇ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕੀਤਾ। ਇਸ ਸਮਾਗਮ ਵਿੱਚ ਭਾਜਪਾ ਮੰਡਲ ਬਾਬੈਨ ਦੇ ਪ੍ਰਧਾਨ ਵਿਕਾਸ ਸ਼ਰਮਾ, ਲਾਡਵਾ ਪ੍ਰਧਾਨ ਸ਼ਿਵ ਗੁਪਤਾ, ਸਰਪੰਚ ਸੰਜੀਵ ਸਿੰਗਲਾ, ਗਗਨਦੀਪ ਸਿੰਘ ਵਿਰਕ, ਡਾ. ਅਮਿਤ ਗੈਰੀ ਵਿਰਕ ਸਮੇਤ ਕਈ ਹੋਰ ਪਤਵੰਤੇ ਸੱਜਣ ਅਤੇ ਮੇਲਾ ਕਮੇਟੀ ਦੇ ਮੈਂਬਰ ਹਾਜ਼ਰ ਸਨ।