ਪਾਰਕ ਵਿੱਚ ਸਹੂਲਤਾਂ ਲਈ ਮੇਅਰ ਨੂੰ ਮੰਗ ਪੱਤਰ
ਨਗਰ ਨਿਗਮ ਦੀ ਮੇਅਰ ਸੁਮਨ ਬਾਹਮਣੀ, ਨਗਰ ਕੌਂਸਲਰ ਭਾਵਨਾ ਬਿੱਟੂ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਪਵਨ ਬਿੱਟੂ ਨੇ ਇੱਥੋਂ ਦੇ ਗ੍ਰੀਨ ਪਾਰਕ ਦਾ ਨਿਰੀਖਣ ਕੀਤਾ। ਇਸ ਦੌਰਾਨ ਮੇਅਰ ਨੇ ਪਾਰਕ ਦੀ ਸੁੰਦਰਤਾ ਅਤੇ ਸਫਾਈ ਦੀ ਪ੍ਰਸ਼ੰਸਾ ਕੀਤੀ। ਗ੍ਰੀਨ ਪਾਰਕ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਮਹਿਤਾ ਨੇ ਮੇਅਰ ਸੁਮਨ ਬਾਹਮਣੀ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਨੇ ਪਾਰਕ ਦੀ ਖਸਤਾ ਹਾਲਤ ਇਮਾਰਤ ਨੂੰ ਢਾਹ ਕੇ ਨਵੀਂ ਇਮਾਰਤ ਬਣਾਉਣ ਅਤੇ ਲਾਈਬ੍ਰੇਰੀ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪਾਰਕ ਵਿੱਚ ਲਗਾਏ ਗਏ ਬਹੁਤ ਸਾਰੇ ਸੀਮੇਂਟ ਵਾਲੇ ਬੈਂਚ ਟੁੱਟ ਚੁੱਕੇ ਹਨ, ਇਸ ਲਈ ਅੱਧੀ ਦਰਜਨ ਦੇ ਕਰੀਬ ਨਵੇਂ ਬੈਂਚ ਦਿੱਤੇ ਜਾਣੇ ਚਾਹੀਦੇ ਹਨ ਤਾਂ ਜੋ ਪਾਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਬੈਠਣ ਵਿੱਚ ਕੋਈ ਮੁਸ਼ਕਲ ਨਾ ਆਵੇ। ਇਸ ਤੋਂ ਇਲਾਵਾ ਫੁੱਟਪਾਥ ਦੇ ਆਲੇ-ਦੁਆਲੇ ਰੰਗੀਨ ਲਾਈਟਾਂ ਲਗਾਈਆਂ ਜਾਣ ਤਾਂ ਜੋ ਪਾਰਕ ਹੋਰ ਸੁੰਦਰ ਦਿਖਾਈ ਦੇਵੇ। ਐਸੋਸੀਏਸ਼ਨ ਨੇ ਇਨ੍ਹਾਂ ਸਹੂਲਤਾਂ ਲਈ ਮੇਅਰ ਸੁਮਨ ਬਾਹਮਣੀ ਨੂੰ ਮੰਗ ਪੱਤਰ ਸੌਂਪਿਆ। ਸਾਬਕਾ ਡਿਪਟੀ ਸੀਨੀਅਰ ਮੇਅਰ ਪਵਨ ਬਿੱਟੂ ਨੇ ਵੀ ਮੰਗਾਂ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਜੇ ਇਹ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਤਾਂ ਪਾਰਕ ਹੋਰ ਵੀ ਸੁੰਦਰ ਬਣ ਜਾਵੇਗਾ। ਮੇਅਰ ਨੇ ਭਰੋਸਾ ਦਿੱਤਾ ਕਿ ਸ਼ਹਿਰ ਦੇ ਸਾਰੇ ਪਾਰਕਾਂ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਐਸੋਸੀਏਸ਼ਨ ਨੇ ਜੋ ਵੀ ਸਹੂਲਤਾਂ ਪ੍ਰਦਾਨ ਕਰਨ ਲਈ ਪੱਤਰ ਦਿੱਤਾ ਹੈ, ਉਹ ਮੰਗਾਂ ਜਲਦ ਹੀ ਪੂਰੀਆਂ ਕੀਤੀਆਂ ਜਾਣਗੀਆਂ।