ਬੀਕੇਯੂ ਦੇ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਆਗੂਆਂ ਦੀ ਮੀਟਿੰਗ
ਬਾਬੈਨ ਵਿੱਚ ਬੀਕੇਯੂ ਦੇ ਜ਼ਿਲ੍ਹਾ ਪ੍ਰਧਾਨ ਕ੍ਰਿਸ਼ਨ ਕੁਮਾਰ ਕਲਾਲ ਮਾਜਰਾ ਦੀ ਅਗਵਾਈ ਹੇਠ ਬੀਕੇਯੂ ਆਗੂਆਂ ਦੀ ਮੀਟਿੰਗ ਹੋਈ। ਇਸ ਵਿੱਚ ਆਈਸੀਆਈਸੀਆਈ ਬੈਂਕ ਦੇ ਕਰਜ਼ੇ ਤੋਂ ਪੀੜਤ ਔਰਤ ਪ੍ਰਵੀਨਾ ਕੁਮਾਰੀ ਨਾਲ ਗੱਲਬਾਤ ਕੀਤੀ ਗਈ। ਪ੍ਰਵੀਨਾ ਕੁਮਾਰੀ ਨੇ ਦੱਸਿਆ ਕਿ ਉਸ ਨੇ ਆਈਸੀਆਈਸੀਆਈ ਬੈਂਕ ਤੋਂ 21 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਇਸ ਦੀਆਂ ਕਿਸ਼ਤਾਂ ਉਹ ਨਿਯਮਤ ਤੌਰ ’ਤੇ ਅਦਾ ਕਰ ਰਹੀ ਸੀ । ਘਰ ਦੀ ਵਿਗੜਦੀ ਵਿੱਤੀ ਹਾਲਤ ਕਾਰਨ ਉਹ ਕੁਝ ਸਮੇਂ ਤੋਂ ਕਿਸ਼ਤਾਂ ਨਹੀਂ ਦੇ ਸਕੀ। ਹੁਣ ਉਹ ਬਕਾਇਆ ਕਰਜ਼ੇ ਦੀਆਂ ਕਿਸ਼ਤਾਂ ਦੇਣ ਲਈ ਤਿਆਰ ਹੈ ਪਰ ਬੈਂਕ ਅਧਿਕਾਰੀ ਕਿਸ਼ਤਾਂ ਲੈਣ ਤੋਂ ਝਿਜਕ ਰਹੇ ਹਨ। ਉਸ ਨੇ ਕਿਹਾ ਕਿ ਹੁਣ ਬੈਂਕ ਅਧਿਕਾਰੀਆਂ ਨੇ ਉਸ ਨੂੰ 28 ਜੁਲਾਈ ਨੂੰ ਅਦਾਲਤ ਦੇ ਹੁਕਮ ’ਤੇ ਉਸ ਦੇ ਘਰ ਨੂੰ ਤਾਲਾ ਲਗਾਉਣ ਬਾਰੇ ਨੋਟਿਸ ਭੇਜਿਆ ਹੈ। ਇਸ ਮੌਕੇ ਕ੍ਰਿਸ਼ਨ ਕੁਮਾਰ ਕਲਾਲਮਾਜਰਾ ਨੇ ਕਿਹਾ ਬੀਕੇਯੂ ਪੀੜਤ ਪ੍ਰਵੀਨਾ ਕੁਮਾਰੀ ਦੇ ਘਰ ਨੂੰ ਬੈਂਕ ਅਧਿਕਾਰੀਆਂ ਨੂੰ ਤਾਲਾ ਨਹੀਂ ਲਾਉਣ ਦੇਵੇਗੀ। ਉਨ੍ਹਾਂ ਕਿਹਾ ਕਿ ਜਥੇਬੰਦੀ ਇਸ ਕਾਰਵਾਈ ਦਾ ਵਿਰੋਧ ਕਰੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਬੈਂਕ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਮਸਲੇ ਨੂੰ ਗੱਲਬਾਤ ਰਾਹੀਂ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਜੇ ਕੋਈ ਸਮਝੌਤਾ ਨਾ ਹੋਇਆ ਤਾਂ ਅਗਲੀ ਰਣਨੀਤੀ ਘੜੀ ਜਾਵੇਗੀ। ਉਧਰ, ਸਬੰਧਤ ਬੈਂਕ ਮੈਨੇਜਰ ਨੇ ਇਸ ਬਾਰੇ ਫੋਨ ਸੁਣਨਾ ਮੁਨਾਸਿਬ ਨਹੀਂ ਸਮਝਿਆ।