ਪਿਛਲਾ ਇਕ ਸਾਲ ਚੁਣੌਤੀਪੂਰਨ ਸੀ, ਵਿਸ਼ਵ ਕੱਪ ’ਚ ਸਖ਼ਤ ਮਿਹਨਤ ਰੰਗ ਲਿਆਈ: ਸ਼ੇਫਾਲੀ ਵਰਮਾ
ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਵਿਚ ਭਾਰਤ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀ ਸਟਾਰ ਕ੍ਰਿਕਟਰ ਸ਼ੈਫਾਲੀ ਵਰਮਾ ਨੇ ਕਿਹਾ ਕਿ ਪਿਛਲਾ ਇਕ ਸਾਲ ਉਸ ਲਈ ਬਹੁਤ ਚੁਣੌਤੀਪੂਰਨ ਸੀ ਕਿਉਂਕਿ ਉਸ ਨੂੰ ਆਪਣੀ ਖੇਡ ਵਿਚ ਸੁਧਾਰ ਤੇ ਗੁਆਚੀ ਲੈਅ ਹਾਸਲ ਕਰਨ ਲਈ ਬਹੁਤ ਸਖ਼ਤ ਮਿਹਨਤ ਕਰਨੀ ਪਈ। ਸ਼ੇਫਾਲੀ ਦਾ ਅੱਜ ਆਪਣੇ ਗ੍ਰਹਿ ਜ਼ਿਲ੍ਹੇ ਰੋਹਤਕ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਸ਼ੇਫਾਲੀ ਆਪਣੀ ਕਾਰ ਦੀ ਸਨਰੂਫ ਤੋਂ ਬਾਹਰ ਆਈ ਅਤੇ ਭੀੜ ਨੂੰ ਹੱਥ ਹਿਲਾਇਆ। ਇਸ ਦੌਰਾਨ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਹਰ ਪਾਸੇ ਗੂੰਜਦੇ ਰਹੇ ਤੇ ਲੋਕਾਂ ਨੇ ਤਿਰੰਗਾ ਲਹਿਰਾਇਆ। ਸ਼ੇਫਾਲੀ ਮਗਰੋਂ ਸਰਕਟ ਹਾਊਸ ਪਹੁੰਚੀ, ਜਿੱਥੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ।
ਸ਼ੇਫਾਲੀ ਨੇ ਐਤਵਾਰ ਨੂੰ ਇੱਥੇ ਸਰਕਟ ਹਾਊਸ ਵਿੱਚ ਆਪਣੇ ਸਨਮਾਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ, ‘‘ਪਿਛਲਾ ਇੱਕ ਸਾਲ ਮੇਰੇ ਲਈ ਸੱਚਮੁੱਚ ਔਖਾ ਸੀ। ਮੈਨੂੰ ਕਈ ਸੰਘਰਸ਼ਾਂ ਦਾ ਸਾਹਮਣਾ ਕਰਨਾ ਪਿਆ, ਪਰ ਮੈਂ ਸਖ਼ਤ ਮਿਹਨਤ ਕਰਦੀ ਰਹੀ, ਅਤੇ ਪਰਮਾਤਮਾ ਨੇ ਉਸ ਕੋਸ਼ਿਸ਼ ਦਾ ਫਲ ਦਿੱਤਾ। ਜਦੋਂ ਮੈਂ ਸੈਮੀਫਾਈਨਲ ਤੋਂ ਪਹਿਲਾਂ ਭਾਰਤੀ ਟੀਮ ਵਿੱਚ ਸ਼ਾਮਲ ਹੋਈ, ਤਾਂ ਮੈਂ ਚੰਗਾ ਪ੍ਰਦਰਸ਼ਨ ਕਰਨ ਅਤੇ ਭਾਰਤ ਦੀ ਵਿਸ਼ਵ ਕੱਪ ਜਿੱਤ ਵਿੱਚ ਯੋਗਦਾਨ ਪਾਉਣ ਲਈ ਦ੍ਰਿੜ ਸੀ। ਫਾਈਨਲ ਹਮੇਸ਼ਾ ਇੱਕ ਵੱਡਾ ਪੜਾਅ ਹੁੰਦਾ ਹੈ, ਅਤੇ ਸ਼ੁਰੂ ਵਿੱਚ ਮੈਂ ਥੋੜ੍ਹੀ ਘਬਰਾਈ ਹੋਈ ਸੀ, ਪਰ ਮੈਂ ਆਪਣੇ ਆਪ ਨੂੰ ਸ਼ਾਂਤ ਕੀਤਾ, ਆਪਣੀ ਰਣਨੀਤੀ ’ਤੇ ਧਿਆਨ ਕੇਂਦਰਿਤ ਕੀਤਾ, ਅਤੇ ਇਸ ਨੂੰ ਚੰਗੀ ਤਰ੍ਹਾਂ ਲਾਗੂ ਕੀਤਾ। ਇਸ ਨੇ ਮੈਨੂੰ ਫਾਈਨਲ ਵਿੱਚ ਇੱਕ ਹਰਫ਼ਨਮੌਲਾ ਪ੍ਰਦਰਸ਼ਨ ਵਿੱਚ ਮਦਦ ਕੀਤੀ।’’ ਇਸ ਮੌਕੇ ਭਾਜਪਾ ਆਗੂਆਂ ਅਤੇ ਅਧਿਕਾਰੀਆਂ ਸਮੇਤ ਵੱਡੀ ਗਿਣਤੀ ਵਿੱਚ ਲੋਕ ਉਨ੍ਹਾਂ ਨੂੰ ਵਧਾਈ ਦੇਣ ਲਈ ਮੌਜੂਦ ਸਨ।
ਫਾਈਨਲ ਦੇ ਮਹੱਤਵਪੂਰਨ ਪਲਾਂ ਨੂੰ ਯਾਦ ਕਰਦੇ ਹੋਏ ਸ਼ੇਫਾਲੀ ਨੇ ਕਿਹਾ, ‘‘ਮੈਨੂੰ ਗੇਂਦਬਾਜ਼ੀ ਕਰਨ ਲਈ ਕਿਹਾ ਗਿਆ ਸੀ, ਅਤੇ ਮੇਰਾ ਇੱਕੋ ਇੱਕ ਟੀਚਾ ਵਿਕਟਾਂ ਲੈਣ ਦਾ ਸੀ। ਉਸ ਪੜਾਅ ’ਤੇ ਦੱਖਣੀ ਅਫ਼ਰੀਕਾ ਦੇ ਸੈੱਟ ਬੱਲੇਬਾਜ਼ਾਂ ਨੂੰ ਆਊਟ ਕਰਨਾ ਹੀ ਅਹਿਮ ਮੋੜ ਸਾਬਤ ਹੋਇਆ। ਇੱਕ ਵਾਰ ਜਦੋਂ ਸਾਨੂੰ ਇੱਕ ਹੋਰ ਵਿਕਟ ਮਿਲੀ, ਤਾਂ ਪੂਰੀ ਟੀਮ ਮੈਚ ਜਿੱਤਣ ਲਈ ਆਪਣਾ 100 ਫੀਸਦ ਦੇਣ ਲਈ ਤਿਆਰ ਹੋ ਗਈ।’’ ਜਦੋਂ ਸ਼ੇਫਾਲੀ ਨੂੰ ਪੁੱਛਿਆ ਗਿਆ ਕਿ ਕੀ ਉਸ ਨੂੰ ਸੈਂਕੜਾ ਖੁੰਝਣ ਦਾ ਅਫ਼ਸੋਸ ਹੈ, ਤਾਂ ਉਸ ਨੇ ਮੁਸਕਰਾਉਂਦੇ ਹੋਏ ਕਿਹਾ, ‘‘ਜਦੋਂ ਤੁਸੀਂ ਵਿਸ਼ਵ ਕੱਪ ਜਿੱਤ ਲੈਂਦੇ ਹੋ ਤਾਂ ਸੈਂਕੜਾ ਮਾਇਨੇ ਨਹੀਂ ਰੱਖਦਾ।’’
ਸ਼ੇਫਾਲੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਧੰਨਵਾਦ ਕੀਤਾ। ਉਸ ਨੇ ਕਿਹਾ, ‘‘ਪ੍ਰਧਾਨ ਮੰਤਰੀ ਨੇ ਸਾਡੇ ਨਾਲ ਘੱਟੋ-ਘੱਟ ਦੋ ਘੰਟੇ ਬਿਤਾਏ ਅਤੇ ਸਾਨੂੰ ਬਹੁਤ ਪ੍ਰੇਰਿਤ ਕੀਤਾ। ਸਾਨੂੰ ਮਾਣ ਹੈ ਕਿ ਉਨ੍ਹਾਂ ਨੇ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ।’’ ਨੌਜਵਾਨ ਕੁੜੀਆਂ ਲਈ ਸੰਦੇਸ਼ ਬਾਰੇ ਪੁੱਛਣ ’ਤੇ ਸ਼ੇਫਾਲੀ ਨੇ ਕਿਹਾ, ‘‘ਆਪਣੀ ਪ੍ਰਤਿਭਾ ’ਤੇ ਵਿਸ਼ਵਾਸ ਰੱਖੋ ਅਤੇ ਸਖ਼ਤ ਮਿਹਨਤ ਕਰਦੇ ਰਹੋ। ਜੇਕਰ ਤੁਹਾਨੂੰ ਖ਼ੁਦ ’ਤੇ ਵਿਸ਼ਵਾਸ ਹੈ ਅਤੇ ਲਗਾਤਾਰ ਕੋਸ਼ਿਸ਼ ਕਰਦੇ ਰਹੋ ਤਾਂ ਕੁਝ ਵੀ ਮੁਸ਼ਕਲ ਨਹੀਂ ਹੈ।’’
ਸ਼ੇਫਾਲੀ ਨੇ ਕਿਹਾ ਕਿ ਉਹ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ 12 ਨਵੰਬਰ ਨੂੰ ਹੋਣ ਵਾਲੀ ਮੁਲਾਕਾਤ ਲਈ ਉਤਸੁਕ ਹੈ। ਉਸ ਨੇ ਕਿਹਾ, ‘‘ਮੁੱਖ ਮੰਤਰੀ ਦੇ ਸ਼ਬਦਾਂ ਨੇ ਮੈਨੂੰ ਆਤਮਵਿਸ਼ਵਾਸ ਦਿੱਤਾ।’’ ਹਰਿਆਣਾ ਦੇ ਮੰਤਰੀ ਕ੍ਰਿਸ਼ਨ ਬੇਦੀ ਨੇ ਕਿਹਾ ਕਿ ਸ਼ੇਫਾਲੀ ਨੇ ਵਿਸ਼ਵ ਕੱਪ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ। ਸ਼ੇਫਾਲੀ ਮਗਰੋਂ ਖੁੱਲ੍ਹੀ ਜੀਪ ਵਿਚ ਘਨੀਪੁਰਾ ਮੁਹੱਲੇ ਵਿਚਲੇ ਆਪਣੇ ਘਰ ਲਈ ਰਵਾਨਾ ਹੋ ਗਈ। ਇਸ ਮੌਕੇ ਮੰਤਰੀ ਕ੍ਰਿਸ਼ਨ ਬੇਦੀ ਤੇ ਸਾਬਕਾ ਮੰਤਰੀ ਮਨੀਸ਼ ਗਰੋਵਰ ਵੀ ਉਸ ਨਾਲ ਮੌਜੂਦ ਸਨ।
