ਲਖੀਮਪੁਰ ਖੀਰੀ ਹਿੰਸਾ: ਸੁਪਰੀਮ ਕੋਰਟ ਵਲੋਂ ਆਸ਼ੀਸ਼ ਮਿਸ਼ਰਾ ਨੂੰ ਦੀਵਾਲੀ ਮੌਕੇ ਘਰ ਜਾਣ ਦੀ ਇਜਾਜ਼ਤ
Lakhimpur Kheri violence: SC allows accused Ashish Mishra to travel home for Diwali ਸੁਪਰੀਮ ਕੋਰਟ ਨੇ ਅੱਜ ਲਖੀਮਪੁਰ ਖੀਰੀ ਹਿੰਸਾ ਮਾਮਲੇ ਦੇ ਮੁੱਖ ਦੋਸ਼ੀ ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਅਜੈ ਮਿਸ਼ਰਾ ਟੈਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਆਪਣੇ ਪਰਿਵਾਰ ਨਾਲ ਦੀਵਾਲੀ ਮਨਾਉਣ ਲਈ 20 ਅਕਤੂਬਰ ਨੂੰ ਲਖੀਮਪੁਰ ਦੀ ਯਾਤਰਾ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।
ਆਸ਼ੀਸ਼ ਮਿਸ਼ਰਾ ਦੇ ਵਕੀਲ ਦੀ ਬੇਨਤੀ ਤੋਂ ਬਾਅਦ ਜਸਟਿਸ ਸੂਰਿਆ ਕਾਂਤ ਅਤੇ ਜੋਯਮਾਲਿਆ ਬਾਗਚੀ ਦੇ ਬੈਂਚ ਨੇ ਇਹ ਇਜਾਜ਼ਤ ਦਿੱਤੀ।
ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਪੇਸ਼ ਹੋਏ ਵਕੀਲ ਨੇ ਬੈਂਚ ਨੂੰ ਦੱਸਿਆ ਕਿ ਮਿਸ਼ਰਾ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ, ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਮਿਸ਼ਰਾ ਕੇਸ ਵਿੱਚ ਇੱਕ ਗਵਾਹ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਸ ਤੋਂ ਪਹਿਲਾਂ 7 ਅਗਸਤ ਨੂੰ ਸਰਵਉਚ ਅਦਾਲਤ ਨੇ ਗਵਾਹ ਬਲਜਿੰਦਰ ਸਿੰਘ ਨੂੰ ਮਿਲੀ ਧਮਕੀ ਦੀ ਸ਼ਿਕਾਇਤ ’ਤੇ ਕਾਰਵਾਈ ਨਾ ਕਰਨ ਲਈ ਯੂਪੀ ਪੁਲੀਸ ਦੇ ਸਪਸ਼ਟੀਕਰਨ ’ਤੇ ਅਸੰਤੁਸ਼ਟੀ ਜ਼ਾਹਰ ਕੀਤੀ ਸੀ।
ਸਿਖਰਲੀ ਅਦਾਲਤ ਨੇ ਨਿਰਦੇਸ਼ ਦਿੱਤਾ ਸੀ ਕਿ ਜੇਕਰ ਉਕਤ ਗਵਾਹ ਪੁਲੀਸ ਕੋਲ ਜਾਣ ਤੋਂ ਝਿਜਕਦਾ ਹੈ ਤਾਂ ਕੋਈ ਸੀਨੀਅਰ ਪੁਲੀਸ ਅਧਿਕਾਰੀ ਆਪਣਾ ਬਿਆਨ ਦਰਜ ਕਰਵਾਉਣ ਲਈ ਗਵਾਹ ਕੋਲ ਜਾ ਸਕਦਾ ਹੈ। ਅਦਾਲਤ ਨੇ ਪੁਲੀਸ ਸੁਪਰਡੈਂਟ (ਐਸਪੀ) ਨੂੰ ਗਵਾਹ ਬਲਜਿੰਦਰ ਸਿੰਘ ਦੀ ਸ਼ਿਕਾਇਤ ਦੀ ਤਸਦੀਕ ਕਰਨ ਤੋਂ ਬਾਅਦ ਉਸ ਦੀ ਸਥਿਤੀ ਬਾਰੇ ਹਲਫ਼ਨਾਮਾ ਦਾਇਰ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ।
