ਕ੍ਰਿਸ਼ੀ ਵਿਗਿਆਨ ਕੇਂਦਰ ਨੇ ਜਾਗਰੂਕਤਾ ਹਫ਼ਤਾ ਮਨਾਇਆ
ਕ੍ਰਿਸ਼ੀ ਵਿਗਿਆਨ ਕੇਂਦਰ ਦਾਮਲਾ ਵੱਲੋਂ ਗਾਜਰ ਬੂਟੀ ਜਾਗਰੁਕਤਾ ਹਫਤਾ ਮਨਾਇਆ ਗਿਆ। ਜਿਸ ਵਿੱਚ ਬਕਾਨਾ, ਸਾਬਾਪੁਰ, ਮੁਸਤਫਾਬਾਦ, ਬਹਾਦਰਪੁਰ ਆਦਿ ਪਿੰਡਾਂ ਦੇ ਕਿਸਾਨਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸੀਨੀਅਰ ਵਿਗਿਆਨੀਆਂ ਨੇ ਕਿਸਾਨਾਂ ਅਤੇ ਪਿੰਡ ਵਾਸੀਆਂ ਨੂੰ ਗਾਜਰ ਬੂਟੀ (ਪਾਰਥੇਨੀਅਮ ਹਿਸਟਰੋਫੋਰਸ) ਦੇ ਨੁਕਸਾਨ ਅਤੇ ਨਿਯੰਤਰਣ ਉਪਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਕੇਂਦਰ ਦੇ ਕੋਆਰਡੀਨੇਟਰ ਡਾ. ਸੰਦੀਪ ਰਾਵਲ ਨੇ ਗਾਜਰ ਬੂਟੀ ਦੇ ਮਾੜੇ ਪ੍ਰਭਾਵਾਂ ’ਤੇ ਚਾਨਣਾ ਪਾਉਂਦੇ ਹੋਏ ਕਿਸਾਨਾਂ ਨੂੰ ਦੱਸਿਆ ਕਿ ਇਹ ਨਦੀਨ ਬਹੁਤ ਤੇਜ਼ੀ ਨਾਲ ਫੈਲਣ ਵਾਲਾ ਪੌਦਾ ਹੈ, ਜੋ ਫਸਲਾਂ ਦੇ ਨਾਲ-ਨਾਲ ਮਨੁੱਖੀ ਸਿਹਤ ਅਤੇ ਜਾਨਵਰਾਂ ਲਈ ਵੀ ਨੁਕਸਾਨਦੇਹ ਸਾਬਤ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਹ ਨਦੀਨ ਨਾ ਸਿਰਫ਼ ਖੇਤਾਂ ਵਿੱਚ ਸਗੋਂ ਸੜਕਾਂ ਕਿਨਾਰੇ, ਰੇਲਵੇ ਪਟੜੀਆਂ, ਬਾਗਾਂ, ਸਕੂਲਾਂ ਅਤੇ ਜਨਤਕ ਥਾਵਾਂ ’ਤੇ ਵੀ ਉੱਗ ਕੇ ਵਾਤਾਵਰਨ ਸੰਤੁਲਨ ਨੂੰ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਗਾਜਰ ਬੂਟੀ ਨੂੰ ਕੰਟਰੋਲ ਕਰਨ ਦੇ ਉਪਾਵਾਂ ਬਾਰੇ ਵਿਸਥਾਰ ਵਿੱਚ ਦੱਸਿਆ ਅਤੇ ਕਿਹਾ ਕਿ ਜੇ ਇਸ ਨਦੀਨ ਨੂੰ ਸਮੇਂ ਸਿਰ ਕਾਬੂ ਨਾ ਕੀਤਾ ਜਾਵੇ ਤਾਂ ਇਹ ਭਿਆਨਕ ਰੂਪ ਧਾਰਨ ਕਰ ਲੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬੀਜਾਂ ਨੂੰ ਉੱਗਣ ਤੋਂ ਰੋਕਣਾ ਜ਼ਰੂਰੀ ਹੈ, ਪੌਦਿਆਂ ਨੂੰ ਸਮੇਂ ਸਿਰ ਉਖਾੜ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ। ਗਾਜਰ ਬੂਟੀ ਜਾਂ ਗਾਜਰ ਘਾਹ ਨੂੰ ਉਖਾੜਦੇ ਸਮੇਂ, ਮਾਸਕ, ਦਸਤਾਨੇ ਅਤੇ ਸੁਰੱਖਿਆ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ। ਪ੍ਰੋਗਰਾਮ ਵਿੱਚ ਲਗਭਗ 150 ਕਿਸਾਨਾਂ ਅਤੇ ਔਰਤਾਂ ਨੇ ਹਿੱਸਾ ਲਿਆ। ਸਾਰਿਆਂ ਨੇ ਮਿਲ ਕੇ ਗਾਜਰ ਬੂਟੀ ਦੇ ਪੌਦਿਆਂ ਨੂੰ ਉਖਾੜ ਦਿੱਤਾ ਅਤੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਇਸ ਨੁਕਸਾਨਦੇਹ ਨਦੀਨ ਨੂੰ ਸਮੂਹਿਕ ਯਤਨਾਂ ਨਾਲ ਹੀ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਪ੍ਰੋਗਰਾਮ ਵਿੱਚ ਜ਼ਿਲ੍ਹਾ ਵਿਸਥਾਰ ਮਾਹਿਰ ਡਾ. ਅਰਾਧਨਾ ਬਾਲੀ ਨੇ ਕਿਸਾਨਾਂ ਨੂੰ ਗਾਜਰ ਬੂਟੀ ਦੇ ਰੋਕਥਾਮ ਦੀ ਪੂਰੀ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਨੂੰ ਫੁੱਲ ਆਉਣ ਤੋਂ ਪਹਿਲਾਂ ਉਖਾੜ ਕੇ ਖਾਦ ਬਣਾਈ ਜਾਵੇ ਅਤੇ ਇਸ ਦਾ ਇਸਤੇਮਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਓਣ ਲਈ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਦੇ ਮਨੁੱਖੀ ਸਿਹਤ ’ਤੇ ਗੰਭੀਰ ਮਾੜੇ ਪ੍ਰਭਾਵ ਪੈਂਦੇ ਹਨ।