ਜੀਂਦ ’ਚ ‘ਭਾਰਤ ਨੂੰ ਜਾਣੋ’ ਮੁਕਾਬਲਾ
ਚੌਧਰੀ ਰਣਵੀਰ ਸਿੰਘ ਯੂਨੀਵਰਸਿਟੀ (ਸੀ ਆਰ ਐੱਸ ਯੂ) ਵਿੱਚ ਭਾਰਤ ਵਿਕਾਸ ਪਰਿਸ਼ਦ ਦੀ ‘ਵੀਰ ਸ਼ਾਖਾ’ ਵੱਲੋਂ ਸੂਬਾ ਪੱਧਰੀ ‘ਭਾਰਤ ਨੂੰ ਜਾਣੋ’ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਸੂਬੇ ਭਰ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੀ ਬੌਧਿਕ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਸਮਾਗਮ ਵਿੱਚ ਹਰਿਆਣਾ ਰਾਜ ਸੂਚਨਾ ਕਮਿਸ਼ਨਰ ਕਰਮਵੀਰ ਸੈਣੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਸੈਣੀ ਨੇ ਕਿਹਾ ਕਿ ਅਜੋਕੇ ਮੁਕਾਬਲੇ ਦੇ ਦੌਰ ਵਿੱਚ ਸਫ਼ਲਤਾ ਲਈ ਜਿੱਥੇ ਗਿਆਨ ਜ਼ਰੂਰੀ ਹੈ, ਉੱਥੇ ਹੀ ਬੱਚਿਆਂ ਵਿੱਚ ਚੰਗੇ ਸੰਸਕਾਰ ਅਤੇ ਨੈਤਿਕ ਕਦਰਾਂ-ਕੀਮਤਾਂ ਦਾ ਹੋਣਾ ਵੀ ਓਨਾ ਹੀ ਲਾਜ਼ਮੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਿੱਖਿਆ ਸਿਰਫ਼ ਅੰਕਾਂ ਤੱਕ ਸੀਮਤ ਨਹੀਂ ਹੋਣੀ ਚਾਹੀਦੀ, ਸਗੋਂ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੀ ਅਸਲ ਸਿੱਖਿਆ ਦਾ ਮੰਤਵ ਹੈ। ਮੁੱਖ ਮਹਿਮਾਨ ਨੇ ਕਿਹਾ ਕਿ ‘ਭਾਰਤ ਨੂੰ ਜਾਣੋ’ ਵਰਗੇ ਮੁਕਾਬਲੇ ਵਿਦਿਆਰਥੀਆਂ ਲਈ ਬੇਹੱਦ ਲਾਹੇਵੰਦ ਹਨ, ਕਿਉਂਕਿ ਇਹ ਨਵੀਂ ਪੀੜ੍ਹੀ ਨੂੰ ਦੇਸ਼ ਦੇ ਗੌਰਵਮਈ ਇਤਿਹਾਸ, ਸੱਭਿਆਚਾਰ, ਪਰੰਪਰਾਵਾਂ ਅਤੇ ਮਹਾਨ ਸ਼ਖ਼ਸੀਅਤਾਂ ਤੋਂ ਜਾਣੂ ਕਰਵਾਉਂਦੇ ਹਨ। ਇਸ ਨਾਲ ਨੌਜਵਾਨਾਂ ਵਿੱਚ ਦੇਸ਼ ਭਗਤੀ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਮੌਕੇ ਭਾਰਤ ਵਿਕਾਸ ਪਰਿਸ਼ਦ (ਵੀਰ ਸ਼ਾਖਾ) ਦੇ ਪ੍ਰਧਾਨ ਸੰਜੇ ਵਰਮਾ ਨੇ ਕਿਹਾ ਕਿ ਪਰਿਸ਼ਦ ਦਾ ਮੁੱਖ ਉਦੇਸ਼ ਬੱਚਿਆਂ ਅਤੇ ਨੌਜਵਾਨਾਂ ਵਿੱਚ ਭਾਰਤੀ ਸੱਭਿਆਚਾਰਕ ਮੁੱਲਾਂ ਦਾ ਪ੍ਰਸਾਰ ਕਰਨਾ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਮੁਕਾਬਲੇ ਕਰਵਾ ਕੇ ਬੱਚਿਆਂ ਨੂੰ ਮੰਚ ਪ੍ਰਦਾਨ ਕੀਤਾ ਜਾਵੇਗਾ।
