KMP Expressway Accident: ਨੂਹ ਵਿਚ ਤੇਜ਼ ਰਫ਼ਤਾਰ ਕੰਟੇਨਰ ਨੇ ਬਾਈਕ ਸਵਾਰਾਂ ਨੂੰ ਟੱਕਰ ਮਾਰੀ, ਤਿੰਨ ਨੌਜਵਾਨਾਂ ਦੀ ਮੌਤ
KMP Expressway Accident: ਨੂਹ ਜ਼ਿਲ੍ਹੇ ਦੀ ਸਰਹੱਦ ਨਾਲ ਲੱਗਦੇ ਕੁੰਡਲੀ ਮਾਨੇਸਰ ਪਲਵਲ ਐਕਸਪ੍ਰੈੱਸਵੇਅ (KMP Expressway) ਉੱਤੇ ਸ਼ਨਿੱਚਰਵਾਰ ਦੇਰ ਰਾਤ ਇਕ ਭਿਆਨਕ ਸੜਕ ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਹਾਦਸੇ ਬਾਰੇ ਜਾਣਕਾਰੀ ਮਿਲਦੇ ਹੀ ਮੌਕੇ ’ਤੇ ਪੁੱਜੀ ਪੁਲੀਸ ਨੇ ਲਾਸ਼ਾਂ ਨੂੰ ਨਲਹੜ ਮੈਡੀਕਲ ਕਾਲਜ ਭੇਜ ਦਿੱਤਾ ਹੈ। ਪੁਲੀਸ ਵੱਲੋਂ ਮਾਮਲੇਦੀ ਜਾਂਚ ਕੀਤੀ ਜਾ ਰਹੀ ਹੈ।
ਪੁਲੀਸ ਮੁਤਾਬਕ ਇਹ ਹਾਦਸਾ KMP Expressway ਉੱਤੇ 18 ਤੇ 19 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਰੋਜਕਾ ਮੇਬ ਥਾਣਾ ਖੇਤਰ ਵਿਚ ਹੋਇਆ। ਤਿੰਨ ਨੌਜਵਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਹੇ ਸਨ ਕਿ ਤੇਜ਼ ਰਫ਼ਤਾਰ ਕੰਟੇਨਰ ਨੇ ਉਨ੍ਹਾਂ ਦੀ ਬਾਈਕ ਨੂੰ ਪਿੱਛੋਂ ਟੱਕਰ ਮਾਰੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਤਿੰਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਅਜੇ ਤੱਕ ਮ੍ਰਿਤਕਾਂ ਦੀ ਪਛਾਣ ਨਹੀਂ ਹੋਈ ਹੈ। ਕੰਟੇਨਰ ਦਾ ਚਾਲਕ ਹਾਦਸੇ ਮਗਰੋਂ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਦੀ ਭਾਲ ਜਾਰੀ ਹੈ। ਉਂਝ ਹਾਦਸੇ ਕਰਕੇ ਐਕਸਪ੍ਰੇੱਸਵੇਅ ’ਤੇ ਕੁਝ ਸਮੇਂ ਲਈ ਆਵਾਜਾਈ ਵਿਚ ਵਿਘਨ ਪਿਆ। ਮੁੱਢਲੀ ਜਾਂਚ ਵਿਚ ਪਤਾ ਲੱਗਾ ਹੈ ਕਿ ਬਾਈਕ ਸਵਾਰ ਨੌਜਵਾਨ ਦੀਵਾਲੀ ਮੌਕੇ ਆਪਣੇ ਘਰ ਪਰਤ ਰਹੇ ਸਨ। ਪੁਲੀਸ ਨੇ ਲਾਪਰਵਾਹੀ ਨਾਲ ਵਾਹਨ ਚਲਾਉਣ ਦੇ ਦੋਸ਼ ’ਚ ਕੇਸ ਦਰਜ ਕਰ ਲਿਆ ਹੈ।