ਸਾਂਝੀ ਉਤਸਵ ਲੋਕ ਸਭਿਆਚਾਰ ਦੀ ਸੰਭਾਲ ਦਾ ਪ੍ਰਤੀਕ: ਸੈਣੀ
ਹਰਿਆਣਾ ਰਾਜ ਬਾਲ ਵਿਕਾਸ ਪਰਿਸ਼ਦ ਦੀ ਉਪ ਪ੍ਰਧਾਨ ਸੁਮਨ ਸੈਣੀ ਨੇ ਕਿਹਾ ਕਿ ਸਾਂਝੀ ਤਿਉਹਾਰ ਸਿਰਫ਼ ਇਕ ਸਮਾਗਮ ਹੀ ਨਹੀਂ, ਸਗੋਂ ਸਾਡੇ ਲੋਕ ਸਭਿਆਚਾਰ ਦੀ ਸੰਭਾਲ ਤੇ ਵਿਕਾਸ ਦਾ ਪ੍ਰਤੀਬਿੰਬ ਹੈ। ਉਹ ਪਿੰਡ ਮਸਾਣਾ ਵਿਚ ਕਰਵਾਏ ਸੂਬਾ ਪੱਧਰੀ ਸਾਂਝੀ ਉਤਸਵ 2025 ਨੂੰ ਸੰਬੋਧਨ ਕਰ ਰਹੀ ਸੀ। ਉਨ੍ਹਾਂ ਨੇ ਅੱਜ ਤੋਂ ਸ਼ੁਰੂ ਹੋਣ ਵਾਲੇ ਨਵਰਾਤਰੀ ਤਿਉਹਾਰ ਲਈ ਸਾਰੇ ਨਾਗਰਿਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਤੋਂ ਪਹਿਲਾਂ ਪ੍ਰਦਰਸ਼ਨੀ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਵਿਰਾਸਤ ਹੈਰੀਟੇਜ ਵਿਲੇਜ ਵੱਲੋਂ ਲਾਈ ਸਭਿਆਚਾਰਕ ਪ੍ਰਦਰਸ਼ਨੀ ਹਰਿਆਣਾ ਦੀ ਅਮੀਰ ਵਿਰਾਸਤ ਨੂੰ ਪ੍ਰਦਸ਼ਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਸਾਡੀਆਂ ਸ਼ਾਨਦਾਰ ਪਰੰਪਰਾਵਾਂ ਦੀ ਜਿਊਂਦੀ ਜਾਗਦੀ ਉਦਾਹਰਨ ਹਨ। ਸੁਮਨ ਸੈਣੀ ਨੇ ਕਿਹਾ ਕਿ ਹਰਿਆਣਾ ਦੀ ਮਿੱਟੀ ਆਪਣੀ ਬਹਾਦਰੀ ਲਈ ਜਾਣੀ ਜਾਂਦੀ ਹੈ। ਸਾਂਝੀ ਕਲਾ ਸਾਡੀ ਅਮੀਰ ਵਿਰਾਸਤ ਦਾ ਇੱਕ ਅਨਿੱਖੜਵਾਂ ਅੰਗ ਹੈ। ਸਾਂਝੀ ਸਥਾਪਨਾ ਸਦੀਆਂ ਪੁਰਾਣੀ ਪਰੰਪਰਾ ਹੈ, ਜਿਸ ਨੂੰ ਪੇਂਡੂ ਔਰਤਾਂ ਆਪਣੀਆਂ ਧੀਆਂ ਦੀ ਮਦਦ ਨਾਲ ਨਵਰਾਤਰੀ ਤੋਂ ਇੱਕ ਦਿਨ ਪਹਿਲਾਂ ਕੰਧਾਂ ’ਤੇ ਸਥਾਪਤ ਕਰਦੀਆਂ ਹਨ। ਉਨ੍ਹਾਂ ਤਿਉਹਾਰ ਵਿਚ ਸਾਂਝੀ ਮੁਕਾਬਲੇ ਦੇ ਜੇਤੂਆਂ ਲਈ ਕਲਾ ਤੇ ਸਭਿਆਚਾਰ ਵਿਭਾਗ ਵਲੋਂ 1,71,000 ਰੁਪਏ ਦੇ ਇਨਾਮਾਂ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਸਰਕਾਰ ਦਾ ਮੰਨਣਾ ਹੈ ਕਿ ਸਭਿਆਚਾਰ ਤੇ ਸੈਰ-ਸਪਾਟਾ ਦੋਵੇਂ ਇਕ-ਦੂਜੇ ਦੇ ਪੂਰਕ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਹੈ ਹਰਿਆਣਾ ਨੂੰ ਨਾ ਸਿਰਫ ਖੇਤੀ ਬਾੜੀ ਤੇ ਉਦਯੋਗਿਕ ਵਿਕਾਸ ਦੇ ਕੇਂਦਰ ਵਜੋਂ, ਸਗੋਂ ਸਭਿਆਚਾਰਕ ਵਿਰਾਸਤ ਦੇ ਕੇਂਦਰ ਵਜੋਂ ਵੀ ਸਥਾਪਤ ਕਰਨਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹਰ ਖੇਤਰ ਵਿਚ ਔਰਤਾਂ ਨੂੰ ਅੱਗੇ ਵਧਾਉਣ ਲਈ ਵਚਨਬੱਧ ਹੈ। ਉਨ੍ਹਾਂ ਨੂੰ ਆਰਥਿਕ ਤੌਰ ’ਤੇ ਆਤਮ ਨਿਰਭਰ ਬਣਾਉਣ ਤੇ ਉਨ੍ਹਾਂ ਨੂੰ ਆਪਣੀ ਕਲਾ ਤੇ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਇਕ ਪਲੇਟਫਾਰਮ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਕੋਆਰਡੀਨੇਟਰ ਤੁਸ਼ਾਰ ਸੈਣੀ, ਭਗਤ ਫੂਲ ਸਿੰਘ ਮਹਿਲਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੁਦੇਸ਼ ਛਿਕਾਰਾ, ਡਾ. ਵਰਿੰਦਰ ਪਾਲ, ਪ੍ਰੋ. ਮਹਾਂ ਸਿੰਘ ਪੂਨੀਆ, ਅਭਿਨਵ ਪੂਨੀਆ, ਵਿਕਾਸ ਸ਼ਰਮਾ, ਸ਼ਿਵ ਗੁਪਤਾ, ਅਮਰਿੰਦਰ ਸਿੰਘ ਆਦਿ ਮੌਜੂਦ ਸਨ।