ਜੇ ਐੱਨ ਯੂ ਵਿਦਿਆਰਥੀ ਚੋਣਾਂ 4 ਨੂੰ
ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਸੰਘ ਦੀ ਚੋਣ ਕਮੇਟੀ ਨੇ ਅੱਜ 2025-26 ਵਿਦਿਆਰਥੀ ਸੰਘ ਚੋਣਾਂ ਲਈ ਅਸਥਾਈ ਪ੍ਰੋਗਰਾਮ ਜਾਰੀ ਕੀਤਾ, ਜਿਸ ਤਹਿਤ 4 ਨਵੰਬਰ ਨੂੰ ਵੋਟਿੰਗ ਹੋਵੇਗੀ ਅਤੇ 6 ਨਵੰਬਰ ਨੂੰ ਨਤੀਜੇ ਐਲਾਨੇ ਜਾਣਗੇ। ਚੋਣ ਪ੍ਰਕਿਰਿਆ 24 ਅਕਤੂਬਰ ਨੂੰ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਆਰਜ਼ੀ ਵੋਟਰ ਸੂਚੀ ਜਾਰੀ ਕਰਨ ਅਤੇ ਸੋਧਾਂ ਦੀ ਸ਼ੁਰੂਆਤ ਨਾਲ ਸ਼ੁਰੂ ਹੋਵੇਗੀ।
ਨਾਮਜ਼ਦਗੀ ਪੱਤਰ 25 ਅਕਤੂਬਰ ਨੂੰ ਦੁਪਹਿਰ 2:00 ਵਜੇ ਤੋਂ ਸ਼ਾਮ 5:00 ਵਜੇ ਤੱਕ ਜਾਰੀ ਕੀਤੇ ਜਾਣਗੇ। ਉਮੀਦਵਾਰ 27 ਅਕਤੂਬਰ ਨੂੰ ਸਵੇਰੇ 9:30 ਵਜੇ ਤੋਂ ਸ਼ਾਮ 5:00 ਵਜੇ ਤੱਕ ਆਪਣੀਆਂ ਨਾਮਜ਼ਦਗੀਆਂ ਦਾਖ਼ਲ ਕਰ ਸਕਣਗੇ। ਵੈਧ ਨਾਮਜ਼ਦਗੀਆਂ ਦੀ ਸੂਚੀ 28 ਅਕਤੂਬਰ ਨੂੰ ਸਵੇਰੇ 10:00 ਵਜੇ ਜਾਰੀ ਕੀਤੀ ਜਾਵੇਗੀ ਅਤੇ ਉਸੇ ਦਿਨ ਦੁਪਹਿਰ ਬਾਅਦ 2:00 ਵਜੇ ਤੋਂ ਸ਼ਾਮ 5:00 ਵਜੇ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ।
ਉਮੀਦਵਾਰਾਂ ਦੀ ਅੰਤਿਮ ਸੂਚੀ ਸ਼ਾਮ 7:00 ਵਜੇ ਤੱਕ ਜਾਰੀ ਕੀਤੀ ਜਾਵੇਗੀ। ਇਸ ਤੋਂ ਬਾਅਦ ਰਾਤ ਅੱਠ ਵਜੇ ਪ੍ਰਚਾਰ ਲਈ ਜਗ੍ਹਾ ਦੀ ਵੰਡ ਦੇ ਨਾਲ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ। ਚੋਣ ਕਮੇਟੀ ਦੇ ਚੇਅਰਮੈਨ ਰਵੀ ਕਾਂਤ ਵੱਲੋਂ ਦਸਤਖਤ ਕੀਤੇ ਗਏ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਵੋਟਿੰਗ 4 ਨਵੰਬਰ ਨੂੰ ਦੋ ਸੈਸ਼ਨਾਂ ਵਿੱਚ ਹੋਵੇਗੀ (ਸਵੇਰੇ 9:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਅਤੇ ਦੁਪਹਿਰ ਬਾਅਦ 2:30 ਵਜੇ ਤੋਂ ਸ਼ਾਮ 5:30 ਵਜੇ ਤੱਕ)। ਵੋਟਾਂ ਦੀ ਗਿਣਤੀ ਰਾਤ 9:00 ਵਜੇ ਸ਼ੁਰੂ ਹੋਵੇਗੀ। ਅੰਤਿਮ ਨਤੀਜੇ 6 ਨਵੰਬਰ ਨੂੰ ਐਲਾਨੇ ਜਾਣਗੇ। ਪਿਛਲੇ ਸਾਲ ਖੱਬੇ-ਪੱਖੀ ਵਿਦਿਆਰਥੀ ਜਥੇਬੰਦੀਆਂ ਨੇ ਕੇਂਦਰੀ ਕਮੇਟੀ ਦੇ ਚਾਰ ਵਿੱਚੋਂ ਤਿੰਨ ਅਹੁਦਿਆਂ ’ਤੇ ਜਿੱਤ ਦਰਜ ਕੀਤੀ ਸੀ, ਜਦਕਿ ਏਬੀਵੀਪੀ ਨੇ ਸੰਯੁਕਤ ਸਕੱਤਰ ਦਾ ਅਹੁਦਾ ਹਾਸਲ ਕੀਤਾ ਸੀ।
