ਜੀਂਦ ਦੇ ਡਾਕਟਰਾਂ ਵੱਲੋਂ ਹੜਤਾਲ ਜਾਰੀ
ਹਰਿਆਣਾ ਸਿਵਿਲ ਮੈਡੀਕਲ ਸਰਵਿਸਸ ਐਸੋਸੀਏਸ਼ਨ ਦੇ ਸੱਦੇ ’ਤੇ ਅੱਜ ਤੀਜੇ ਦਿਨ ਵੀ ਡਾਕਟਰ ਪੂਰਨ ਹੜ੍ਹਤਾਲ ’ਤੇ ਰਹੇ। ਐਸੋਸੀਏਸ਼ਨ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੀ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਨ੍ਹਾਂ ਦੀ ਹੜ੍ਹਤਾਲ ਜਾਰੀ ਰਹੇਗੀ।
ਮੰਗਾਂ ਨੂੰ ਲੈਕੇ ਸਿਹਤ ਹੈੱਡ ਆਫਿਸ ਉੱਤੇ ਕੌਮੀ ਕਾਰਜਕਾਰਣੀ ਤੋਂ 4 ਮੈਂਬਰਾਂ ਨੇ ਅਪਣੀ ਭੁੱਖ ਹੜ੍ਹਤਾਲ ਸ਼ੁਰੂ ਕਰ ਦਿੱਤੀ ਹੈ। ਡਾਕਟਰਾਂ ਦੀ ਮੰਗਾਂ ਵਿੱਚ ਐੱਸ ਐੱਮ ਓ ਭਰਤੀ ਵਿੱਚ ਸੁਧਾਰ ਤੇ ਏ ਸੀ ਪੀ ਸ਼ਾਮਲ ਹੈ, ਜਿਸ ਨੂੰ ਸਰਕਾਰ ਨੇ ਮੰਨ ਵੀ ਲਿਆ ਸੀ, ਪਰੰਤੂ ਮੰਨੀਆਂ ਹੋਈਆਂ ਮੰਗਾਂ ਨੂੰ ਹੀ ਲਾਗੂ ਨਹੀਂ ਕੀਤਾ ਜਾ ਰਿਹਾ। ਡਾ. ਵਿਜਿੰਦਰ ਢਾਂਡਾ ਤੇ ਡਾ. ਰਾਜੇਸ਼ ਭੋਲਾ ਨੇ ਦੱਸਿਆ ਕਿ ਹੜਤਾਲ ਉੱਤੇ ਜਾਣ ਤੋਂ ਪਹਿਲਾਂ ਸਰਕਾਰ ਨੂੰ ਜਾਣੂ ਕਰਵਾ ਦਿੱਤਾ ਗਿਆ ਸੀ ਪਰ ਸਰਕਾਰ ਡਾਕਟਰਾਂ ਦੀਆਂ ਮੰਗਾਂ ਨੂੰ ਸਮਝਣ ਦੀ ਬਜਾਏ ਅੜੀਅਲ ਰਵੱਈਆ ਅਪਣਾ ਰਹੀ ਹੈ, ਜਿਸ ਦਾ ਖ਼ਮਿਆਜ਼ਾ ਡਾਕਟਰਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਐੱਸ ਐੱਮ ਓ ਦੀ ਸਿੱਧੀ ਭਰਤੀ ਬੰਦ ਕੀਤੀ ਜਾਵੇਗੀ ਤੇ ਸਾਰੇ ਐੱਸ ਐੱਮ ਓ ਦੇ ਅਹੁਦੇ ਤਰੱਕੀਆਂ ਨਾਲ ਹੀ ਭਰੇ ਜਾਣਗੇ। ਸਰਵਿਸ ਰੂਲਸ ਵਿੱਚ ਸੰਸੋਧਨ ਲਈ ਵੀ ਸਹਿਮਤੀ ਬਣ ਗਈ ਹੈ ਪਰ ਅੱਜ ਤੱਕ ਨਾ ਤਾਂ ਨਿਯਮ ਬਦਲੇ ਗਏ ਤੇ ਨਾ ਹੀ ਭਰਤੀ ਪ੍ਰੀਕਿਰਿਆ ਵਿੱਚ ਕੋਈ ਸੁਧਾਰ ਹੋਇਆ, ਜਿਸ ਕਾਰਨ ਸੂਬੇ ਵਿੱਚ ਐੱਸ ਐੱਮ ਓ ਦੀਆਂ ਆਸਾਮੀਆਂ ਖਾਲੀ ਪਈਆਂ ਹਨ। ਉਨ੍ਹਾਂ ਕਿਹਾ ਕਿ ਡਾਕਟਰਾਂ ਦੀ ਸਾਰੀਆਂ ਜਾਇਜ਼ ਮੰਗਾਂ ਹਨ, ਇਨ੍ਹਾਂ ਨੂੰ ਲਾਗੂ ਕਰਨਾ ਚਾਹੀਦਾ ਹੈ।
