ਜਨਮ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
ਗੀਤਾ ਵਿਦਿਆ ਮੰਦਿਰ ਵਿਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਹੀ ਖੁਸ਼ੀਆਂ ਅਤੇ ਧਾਰਮਿਕ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰੋਗਰਾਮ ਦਾ ਉਦਘਾਟਨ ਸਕੂਲ ਦੀ ਪ੍ਰਿੰਸੀਪਲ ਨਿਸ਼ਾ ਗੋਇਲ ਨੇ ਕੀਤਾ। ਨਿਸ਼ਾ ਗੋਇਲ ਨੇ ਸਕੂਲ ਪਰਿਵਾਰ ਨੂੰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ। ਵਿਦਿਆਰਥੀਆਂ ਨੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਜੀਵਨ ’ਤੇ ਆਧਾਰਿਤ ਭਜਨ, ਨਾਚ ਤੇ ਨਾਟਕ ਪੇਸ਼ ਕੀਤੇ। ਸਕੂਲ ਦੇ ਛੋਟੇ ਛੋਟੇ ਬਚਿੱਆਂ ਨੇ ਰਾਧਾ ਕ੍ਰਿਸ਼ਨ ਦੀਆਂ ਪੁਸ਼ਾਕਾਂ ਵਿਚ ਰੰਗ ਬਿਰੰਗੇ ਪਹਿਰਾਵੇ ਨਾਲ ਸੁੰਦਰ ਝਾਕੀਆਂ ਸਜਾਈਆਂ ਅਤੇ ਨਾਚ ਪੇਸ਼ ਕੀਤੇ। ਵਿਦਿਆਰਥੀਆਂ ਵਲੋਂ ਇਸ ਮੌਕੇ ਮਨਮੋਹਕ ਕਵਿਤਾਵਾਂ ਸੁਣਾਈਆਂ ਜੋ ਸ਼ਰਧਾ ਅਤੇ ਪਿਆਰ ਦੀ ਭਾਵਨਾ ਨੂੰ ਦਰਸਾਉਂਦੀਆਂ ਹਨ। ਇਸ ਮੌਕੇ ਸਕੂਲੀ ਵਿਦਿਆਰਥੀਆਂ ਵਲੋਂ ਇਕ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਵਿਚ ਬਚਿੱਆਂ ਨੇ ਆਪਣੀ ਕਲਾ ਅਤੇ ਸਿਰਜਣਾਤਮਕਤਾ ਨਾਲ ਸਾਰਿਆਂ ਨੂੰ ਮੋਹਿਤ ਕੀਤਾ। ਉਨ੍ਹਾਂ ਨੇ ਸ੍ਰੀ ਕ੍ਰਿਸ਼ਨ ਦੇ ਜੀਵਨ ਨਾਲ ਸਬੰਧਿਤ ਘਟਨਾਵਾਂ ’ਤੇ ਸੁੰਦਰ ਪੇਂਟਿੰਗ ਪੋਸਟਰ ਵੀ ਬਣਾਏ। ਇਸ ਮੌਕੇ ਆਚਾਰੀਆ ਮੇਨਕਾ, ਪੂਜਾ ਸਿੰਗਲਾ, ਅੰਮ੍ਰਿਤਾ, ਸੁਨੀਤਾ,ਸੀਮਾ, ਅਦਿਤੀ, ਅੰਜਨਾ, ਅਨੁਰਾਧਾ, ਦੀਪਿਕਾ, ਖੁਸ਼ਨੂਰ, ਪੂਜਾ, ਸਨੀਲ, ਸੁਮੇਧਾ, ਰੰਮੀ, ਕਰਨ, ਰਾਜਵੰਤ ਅਤੇ ਵਿਦਿਆਰਥੀ ਮੌਜੂਦ ਸਨ। ਇਸੇ ਦੌਰਾਨ ਅੱਜ ਸਤਲੁਜ ਸੀਨੀਅਰ ਸੈਕੰਡਰੀ ਸਕੂਲ ਵਿਚ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਗਈ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਪ੍ਰਿੰਸੀਪਲ ਡਾ. ਆਰਐੱਸ ਘੁੰਮਣ ਦੇ ਪ੍ਰੇਰਨਾਦਾਇਕ ਭਾਸ਼ਣ ਨਾਲ ਹੋਈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜਨਮ ਅਸ਼ਟਮੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਭਗਵਾਨ ਕ੍ਰਿਸ਼ਨ ਨੇ ਸੰਦੇਸ਼ ਦਿੱਤਾ ਹੈ ਕਿ ਮਨੁੱਖ ਨੂੰ ਆਪਣਾ ਫਰਜ਼ ਨਿਭਾਉਂਦੇ ਰਹਿਣਾ ਚਾਹੀਦਾ ਹੈ ਤੇ ਨਤੀਜੇ ਦੀ ਇੱਛਾ ਨਹੀਂ ਰੱਖਣੀ ਚਾਹੀਦੀ। ਇਸ ਮੌਕੇ ਤੀਜੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਗਵਾਨ ਕ੍ਰਿਸ਼ਨ ਤੇ ਰਾਧਾ ਰਾਣੀ ਦੇ ਪਹਿਰਾਵੇ ਪਹਿਨ ਕੇ ਬਹੁਤ ਹੀ ਸੁੰਦਰ ਤੇ ਮਨਮੋਹਕ ਪੇਸ਼ਕਾਰੀਆਂ ਦਿੱਤੀਆਂ। ਵਿਦਿਆਰਥੀਆਂ ਨੇ ਕ੍ਰਿਸ਼ਨ ਦੇ ਬਚਪਨ ਦੀਆਂ ਲੀਲਾਵਾਂ ਬਹੁਤ ਹੀ ਸੁੰਦਰ ਢੰਗ ਨਾਲ ਪੇਸ਼ ਕੀਤੀਆਂ। ਰਾਧਾ ਕ੍ਰਿਸ਼ਨ ਤੋਂ ਇਲਾਵਾ ਵਾਸੂਦੇਵ, ਗਊਆਂ ਤੇ ਗੋਪੀਆਂ ਦੇ ਪਹਿਰਾਵੇ ਵਿਚ ਆਏ ਬੱਚਿਆਂ ਨੇ ਸਾਰਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਇਸ ਮੌਕੇ ਮੱਖਣ ਤੇ ਮਿੱਠੀ ਵੀ ਭੇਟ ਕੀਤੀ ਗਈ। ਮਗਰੋਂ ਕ੍ਰਿਸ਼ਨ ਤੇ ਰਾਧਾ ਰਾਣੀ ਦੀ ਆਰਤੀ ਕੀਤੀ ਗਈ। ਸਟੇਜ ਦਾ ਸੰਚਾਲਨ ਅਧਿਆਪਕਾ ਰਸ਼ਮੀ ਤੇ ਆਰਤੀ ਵਰਮਾ ਨੇ ਬਾਖੂਬੀ ਕੀਤਾ। ਇਸ ਮੌਕੇ ਨੈਸ਼ਨਲ ਐਜੂਕੇਸ਼ਨ ਕਮੇਟੀ ਟੋਹਾਣਾ ਫਤਿਆਬਾਦ ਦੇ ਪ੍ਰਧਾਨ ਵਰਿੰਦਰ ਕੌਸ਼ਲ, ਪ੍ਰਸ਼ਾਸਕ ਮਨੋਜ ਭਸੀਨ, ਵਾਈਸ ਪ੍ਰਿੰਸੀਪਲ ਸਤਬੀਰ ਸਿੰਘ, ਸੰਜੇ ਬਠਲਾ, ਮਮਤਾ ਜੈਨ ਮੌਜੂਦ ਸਨ।