IPS Suicide case ਆਈਏਐੱਸ ਪਤਨੀ ਪੁਲੀਸ ਵੱਲੋਂ ਜ਼ਬਤ ਫੋਨ ਤੇ ਲੈਪਟੌਪ ਲਈ ਕੋਰਟ ਪੁੱਜੀ
ਹਰਿਆਣਾ ਕੇਡਰ ਦੀ ਸੀਨੀਅਰ ਆਈਏਐੱਸ ਅਧਿਕਾਰੀ ਅਮਨੀਤ ਪੀ.ਕੁਮਾਰ ਨੇ ਚੰਡੀਗੜ੍ਹ ਕੋਰਟ ਵਿਚ ਇਕ ਅਰਜ਼ੀ ਦਾਖ਼ਲ ਕਰਕੇ ਆਪਣੇ ਮਰਹੂਮ ਪਤੀ ਤੇ ਆਈਪੀਐੱਸ ਅਧਿਕਾਰੀ ਵਾਈ.ਪੂਰਨ ਕੁਮਾਰ ਦਾ ਜਾਂਚ ਲਈ ਜ਼ਬਤ ਕੀਤਾ ਮੋਬਾਈਲ ਫੋਨ ਤੇ ਲੈਪਟੌਪ ਮੋੜੇ ਜਾਣ ਸਬੰਧੀ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੇ ਜਾਣ ਦੀ ਮੰਗ ਕੀਤੀ ਹੈ। ਕੋਰਟ ਨੇ ਪਟੀਸ਼ਨ ਦੇ ਅਧਾਰ ਨੂੰ ਸਬੰਧਤ ਪ੍ਰਤੀਵਾਦੀਆਂ ਨੂੰ ਨੋਟਿਸ ਜਾਰੀ ਕੀਤਾ ਹੈ।
2001 ਬੈਚ ਦੇ ਆਈਪੀਐੱਸ ਅਧਿਕਾਰੀ ਵਾਈ.ਪੂਰਨ ਕੁਮਾਰ ਨੇ 7 ਅਕਤੂਬਰ ਨੂੰ ਚੰਡੀਗੜ੍ਹ ਦੇ ਸੈਕਟਰ 11 ਵਿਚਲੀ ਆਪਣੀ ਰਿਹਾਇਸ਼ ’ਤੇ ਖ਼ੁਦਕੁਸ਼ੀ ਕਰ ਲਈ ਸੀ। ਕੁਮਾਰ ਨੇ ਖੁਦਕੁਸ਼ੀ ਤੋਂ ਪਹਿਲਾਂ ਖੁਦਕੁਸ਼ੀ ਨੋਟ ਲਿਖਣ ਲਈ ਆਪਣੇ ਇਸ ਲੈਪਟੌਪ ਦੀ ਵਰਤੋਂ ਕੀਤੀ ਸੀ।
ਕੁਮਾਰ ਦੇ ਪਰਿਵਾਰ ਨੇ ਉਦੋਂ ਕੋਰਟ ਦੇ ਹੁਕਮਾਂ ’ਤੇ ਮਾਮਲੇ ਦੀ ਜਾਂਚ ਲਈ ਲੈਪਟੌਪ ਚੰਡੀਗੜ੍ਹ ਪੁਲੀਸ ਨੂੰ ਸੌਂਪ ਦਿੱਤਾ ਸੀ। ਪੁਲੀਸ ਨੇ ਉਦੋਂ ਦਾਅਵਾ ਕੀਤਾ ਸੀ ਕਿ ਇਹ ਲੈਪਟੌਪ ਅਹਿਮ ਸਬੂਤ ਹੈ ਜਿਸ ਕਰਕੇ ਇਸ ਨੂੰ ਕੇਂਦਰੀ ਫੋਰੈਂਸਿਕ ਸਾਇੰਸ ਲੈਬਾਰਟਰੀ ਕੋਲ ਭੇਜਣ ਦੀ ਲੋੜ ਹੈ। ਪੁਲੀਸ ਨੇ ਉਦੋਂ ਮੌਕੇ ਤੋਂ ਆਈਪੀਐੱਸ ਅਧਿਕਾਰੀ ਦੇ ਦੋ ਸੈੱਲਫੋਨ ਵੀ ਕਬਜ਼ੇ ਵਿਚ ਲਏ ਸਨ। ਵਾਈ.ਪੂਰਨ ਕੁਮਾਰ ਨੇ ਆਪਣੇ ਖੁਦਕੁਸ਼ੀ ਨੋਟ ਵਿਚ 16 ਸੀਨੀਅਰ ਆਈਏਐੱਸ ਤੇ ਆਈਪੀਐੱਸ ਅਧਿਕਾਰੀਆਂ ’ਤੇ ਕਥਿਤ ਤੰਗ ਪ੍ਰੇਸ਼ਾਨ ਕਰਨ ਤੇ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਲਾਏ ਸਨ।
 
 
             
            