ਆਈਪੀਐੱਸ ਖੁਦਕੁਸ਼ੀ ਮਾਮਲਾ: ਪਰਿਵਾਰ ਨੇ ਐੱਫਆਈਆਰ ਨੂੰ ਗ਼ੈਰ-ਤਸੱਲੀਬਖ਼ਸ਼ ਦੱਸਿਆ; ਆਈਏਐੱਸ ਪਤਨੀ ਵੱਲੋਂ ਐੱਸਐੱਸਪੀ ਨੂੰ ਸ਼ਿਕਾਇਤ
ਹਰਿਆਣਾ ਦੇ ਸੀਨੀਅਰ ਆਈਪੀਐੱਸ ਅਧਿਕਾਰੀ ਵਾਈ. ਪੂਰਨ ਕੁਮਾਰ ਦੀ ਖੁਦਕੁਸ਼ੀ ਮਾਮਲੇ ਦੀ ਜਾਂਚ ਦੀ ਦਿਸ਼ਾ ਹੁਣ ਇੱਕ ਵਾਰ ਫਿਰ ਬਦਲ ਸਕਦੀ ਹੈ। ਮ੍ਰਿਤਕ ਅਧਿਕਾਰੀ ਦੇ ਪਰਿਵਾਰ ਨੇ ਕਿਹਾ ਕਿ ਉਹ ਐੱਫਆਈਆਰ ਵਿਚ ਦਰਜ ਧਾਰਾਵਾਂ ਅਤੇ ਇਸ ਵਿੱਚ ਸ਼ਾਮਲ ਨਾਵਾਂ ਨੂੰ ਲੈ ਕੇ ਸੰਤੁਸ਼ਟ ਨਹੀਂ ਹੈ। ਮ੍ਰਿਤਕ ਦੀ ਪਤਨੀ ਤੇ ਹਰਿਆਣਾ ਸਰਕਾਰ ’ਚ ਸੀਨੀਅਰ ਆਈਏਐੱਸ ਅਧਿਕਾਰੀ ਅਮਨੀਤ ਪੀ. ਕੁਮਾਰ ਨੇ ਵੀਰਵਾਰ ਅੱਧੀ ਰਾਤ ਨੂੰ 12:53 ਵਜੇ ਚੰਡੀਗੜ੍ਹ ਪੁਲੀਸ ਦੀ ਐੱਸਐੱਸਪੀ ਕੋਲ ਨਵੀਂ ਸ਼ਿਕਾਇਤ ਦਰਜ ਕੀਤੀ ਹੈ।
ਆਈਏੇਐੈੱਸ ਅਧਿਕਾਰੀ ਨੇ ਨਵੀਂ ਸ਼ਿਕਾਇਤ ਵਿਚ ਪਹਿਲਾਂ ਦਰਜ ਐੱਫਆਈਆਰ ਵਿਚਲੀਆਂ ਖਾਮੀਆਂ ਵੱਲ ਇਸ਼ਾਰਾ ਕਰਦੇ ਹੋਏ ਇਸ ਨੂੰ ਫੌਰੀ ਸੋਧਣ ਤੇ ਮੁੜ ਤੋਂ ਜਾਂਚ ਦੀ ਮੰਗ ਕੀਤੀ ਹੈ। ਐੱਸਐੱਸਪੀ ਨੂੰ ਭੇਜੇ ਪੱਤਰ ਵਿਚ ਉਨ੍ਹਾਂ ਕਿਹਾ ਕਿ 9 ਅਕਤੂਬਰ ਨੂੰ ਰਾਤ 10:22 ਮਿੰਟ ’ਤੇ ਦਰਜ ਐੱਫਆਈਆਰ ਨੰਬਰ 156 ਅਧੂਰੀ ਹੈ ਤੇ ਇਸ ਵਿਚ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ।
ਅਮਨੀਤ ਪੀ.ਕੁਮਾਰ ਨੇ ਦੋਸ਼ ਲਗਾਇਆ ਕਿ ਐੱਫਆਈਆਰ ਵਿਚ ਮੁੱਖ ਮੁਲਜ਼ਮਾਂ ਡੀਜੀਪੀ ਸ਼ਤਰੂਜੀਤ ਕਪੂਰ ਤੇ ਰੋਹਤਕ ਦੇ ਐੱਸਪੀ ਨਰੇਂਦਰ ਬਿਜਾਰਨੀਆ ਦੇ ਨਾਮ ਸਪਸ਼ਟ ਰੂਪ ਵਿਚ ਦਾਇਰ ਨਹੀਂ ਕੀਤੇ ਗਏ ਜਦੋਂਕਿ ਉਨ੍ਹਾਂ ਦੇ ਪਤੀ ਵੱੱਲੋਂ ਛੱਡੇ ਗਏ ‘ਅੰਤਿਮ ਨੋਟ’ ਵਿਚ ਉਨ੍ਹਾਂ ਦੇ ਨਾਵਾਂ ਦਾ ਸਾਫ਼ ਜ਼ਿਕਰ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਐੱਫਆਈਆਰ ਦੀ ਕਾਪੀ ਅਧੂਰੀ ਹੈ ਤੇ ਇਸ ਵਿਚ ਮੁਲਜ਼ਮਾਂ ਦੇ ਨਾਮ ਸਪਸ਼ਟ ਨਹੀਂ ਹਨ ਤੇ ਦਸਤਾਵੇਜ਼ ਵਿਚ ਵੀ ਕਈ ਅਹਿਮ ਵੇਰਵਿਆਂ ਦੀ ਘਾਟ ਹੈ, ਜੋ ਨਿਰਪੱਖ ਜਾਂਚ ’ਤੇ ਸਵਾਲ ਚੁੱਕਦਾ ਹੈ।
ਐੱਫਆਈਆਰ ਵਿਚ ਗ਼ਲਤ ਧਾਰਾਵਾਂ ਲਗਾਉਣ ਦਾ ਦੋਸ਼
ਆਈਏਐਸ ਅਧਿਕਾਰੀ ਅਮਨੀਤ ਪੀ.ਕੁਮਾਰ ਨੇ ਆਪਣੇ ਪੱਤਰ ਵਿਚ ਕਿਹਾ ਕਿ ਐਫਆਈਆਰ ਵਿੱਚ ਸ਼ਾਮਲ ਧਾਰਾਵਾਂ ਕਮਜ਼ੋਰ ਹਨ ਅਤੇ ਐੱਸਸੀ/ਐੱਸਟੀ (ਅੱਤਿਆਚਾਰ ਰੋਕਥਾਮ) ਐਕਟ ਦੀ ਗਲਤ ਧਾਰਾ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਅਪੀਲ ਕੀਤੀ ਕਿ ਇਸ ਮਾਮਲੇ ਵਿੱਚ ਧਾਰਾ 3(2)(v) ਨੂੰ ਲਾਗੂ ਕੀਤਾ ਜਾਵੇ, ਜੋ ਕਿ ਕਿਸੇ ਦਲਿਤ ਅਧਿਕਾਰੀ ਵਿਰੁੱਧ ਪਰੇਸ਼ਾਨੀ ਜਾਂ ਕਾਰਵਾਈਆਂ ਨਾਲ ਸਬੰਧਤ ਗੰਭੀਰ ਸਥਿਤੀਆਂ ਵਿੱਚ ਲਾਗੂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਨਿਆਂਇਕ ਪ੍ਰਕਿਰਿਆ ਨੂੰ ਨਿਰਪੱਖ ਅਤੇ ਪਾਰਦਰਸ਼ੀ ਬਣਾਉਣ ਲਈ ਜ਼ਰੂਰੀ ਹੈ ਕਿ ਕਾਨੂੰਨੀ ਵਿਵਸਥਾਵਾਂ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਜਾਵੇ।
ਅੰਤਿਮ ਨੋਟ ਦੀ ਕਾਪੀ ਹੁਣ ਤੱਕ ਨਹੀਂ ਦਿੱਤੀ ਗਈ
ਆਈਏਐਸ ਅਧਿਕਾਰੀ ਨੇ ਪੱਤਰ ਵਿਚ ਇਹ ਵੀ ਲਿਖਿਆ ਕਿ 7 ਅਕਤੂਬਰ, 2025 ਨੂੰ ਪੂਰਨ ਕੁਮਾਰ ਦੀ ਜੇਬ ਅਤੇ ਲੈਪਟਾਪ ਬੈਗ ਵਿੱਚੋਂ ਦੋ ‘ਅੰਤਿਮ ਨੋਟ’ (ਖੁਦਕੁਸ਼ੀ ਨੋਟ) ਬਰਾਮਦ ਹੋਏ ਸਨ, ਪਰ ਅਜੇ ਤੱਕ ਇਨ੍ਹਾਂ ਦੀਆਂ ਪ੍ਰਮਾਣਿਤ ਕਾਪੀਆਂ ਪਰਿਵਾਰ ਨੂੰ ਉਪਲਬਧ ਨਹੀਂ ਕਰਵਾਈਆਂ ਗਈਆਂ ਹਨ। ਉਨ੍ਹਾਂ ਮੰਗ ਕੀਤੀ ਕਿ ਦੋਵਾਂ ‘ਅੰਤਿਮ ਨੋਟਾਂ’ ਦੀਆਂ ਪ੍ਰਮਾਣਿਤ ਕਾਪੀਆਂ ਤੁਰੰਤ ਪ੍ਰਦਾਨ ਕੀਤੀਆਂ ਜਾਣ ਤਾਂ ਜੋ ਐੱਫਆਈਆਰ ਵਿੱਚ ਦੱਸੇ ਗਏ ਤੱਥਾਂ ਦੀ ਪੁਸ਼ਟੀ ਤੇ ਤੁਲਨਾ ਕੀਤੀ ਜਾ ਸਕੇ। ਪਰਿਵਾਰ ਦਾ ਦੋਸ਼ ਹੈ ਕਿ ਐੱਫਆਈਆਰ ਵਿੱਚ ਜਾਣਬੁੱਝ ਕੇ ਕੇਸ ਨੂੰ ਕਮਜ਼ੋਰ ਕਰਨ ਲਈ ਕੁਝ ਮੁੱਖ ਨੁਕਤਿਆਂ ਨੂੰ ਛੱਡ ਦਿੱਤਾ ਗਿਆ ਹੈ।
ਆਈਪੀਐੱਸ ਅਧਿਕਾਰੀ ਨੇ 7 ਅਕਤੂਬਰ ਨੂੰ ਕੀਤੀ ਸੀ ਖ਼ੁਦਕੁਸ਼ੀ
ਸੀਨੀਅਰ ਆਈਪੀਐਸ ਅਧਿਕਾਰੀ ਵਾਈ. ਪੂਰਨ ਕੁਮਾਰ ਨੇ 7 ਅਕਤੂਬਰ ਨੂੰ ਦੁਪਹਿਰ 1 ਵਜੇ ਦੇ ਕਰੀਬ ਚੰਡੀਗੜ੍ਹ ਸਥਿਤ ਆਪਣੇ ਘਰ ਵਿੱਚ ਖੁਦਕੁਸ਼ੀ ਕਰ ਲਈ ਸੀ। ਮ੍ਰਿਤਕ ਅਧਿਕਾਰੀ ਹਰਿਆਣਾ ਪੁਲੀਸ ਵਿੱਚ ਏਡੀਜੀਪੀ ਦੇ ਅਹੁਦੇ ’ਤੇ ਸੀ। ਖੁਦਕੁਸ਼ੀ ਤੋਂ ਬਾਅਦ ਪੁਲੀਸ ਅਧਿਕਾਰੀ ਦੀ ਪਤਨੀ, ਪਰਿਵਾਰ ਅਤੇ ਸਾਥੀ ਅਧਿਕਾਰੀ ਇਨਸਾਫ਼ ਦੀ ਮੰਗ ਕਰ ਰਹੇ ਹਨ। ਪਰਿਵਾਰ ਐੱਫਆਈਆਰ ਦੀ ਢਿੱਲ ਅਤੇ ਜਾਂਚ ਦੀ ਹੌਲੀ ਰਫ਼ਤਾਰ ਤੋਂ ਬਹੁਤ ਨਿਰਾਸ਼ ਹੈ।
ਪੋਸਟਮਾਰਟਮ ਰਿਪੋਰਟ ਨੂੰ ਲੈ ਕੇ ਵੀ ਖ਼ਦਸ਼ਾ
ਸੂਤਰਾਂ ਅਨੁਸਾਰ, ਪੋਸਟਮਾਰਟਮ ਰਿਪੋਰਟ ਸਬੰਧੀ ਸਥਿਤੀ ਵੀ ਅਸਪਸ਼ਟ ਹੈ। ਐੱਫਆਈਆਰ ਵਿਚ ਸੋਧ ਤੇ ‘ਅੰਤਿਮ ਨੋਟ’ ਦੀ ਤਸਦੀਕ ਦਾ ਅਮਲ ਪੂਰਾ ਹੋਣ ਤਕ ਪੋਸਟਮਾਰਟਮ ਰਿਪੋਰਟ ਵਿੱਚ ਦੇਰੀ ਹੋ ਸਕਦੀ ਹੈ। ਪਰਿਵਾਰ ਚਾਹੁੰਦਾ ਹੈ ਕਿ ਮਾਮਲੇ ਦੀ ਜਾਂਚ ਸੀਬੀਆਈ ਜਾਂ ਕਿਸੇ ਹੋਰ ਉੱਚ-ਪੱਧਰੀ ਏਜੰਸੀ ਵੱਲੋਂ ਕੀਤੀ ਜਾਵੇ, ਤਾਂ ਜੋ ਕਿਸੇ ਵੀ ਪੱਖਪਾਤੀ ਕਾਰਵਾਈ ਦੀ ਗੁੰਜਾਇਸ਼ ਨਾ ਰਹੇ।
ਅਮਨੀਤ ਪੀ.ਕੁਮਾਰ ਨੇ ਐੈੱਸਐੱਸਪੀ ਨੂੰ ਲਿਖੇ ਪੱਤਰ ਵਿਚ ਕਹੀਆਂ ਤਿੰਨ ਪ੍ਰਮੁੱਖ ਗੱਲਾਂ
ਐੱਫਆਈਆਰ ਵਿੱਚ ਮੁਲਜ਼ਮਾਂ ਦੇ ਨਾਮ ਸਪੱਸ਼ਟ ਤੌਰ ’ਤੇ ਨਹੀਂ ਦੱਸੇ ਗਏ ਸਨ, ਹਾਲਾਂਕਿ ਉਨ੍ਹਾਂ ਦਾ ਸਿੱਧਾ ਜ਼ਿਕਰ ਸ਼ਿਕਾਇਤ ਅਤੇ ‘ਅੰਤਿਮ ਨੋਟ’ ਵਿੱਚ ਕੀਤਾ ਗਿਆ ਹੈ। ਐੱਸਸੀ/ਐੱਸਟੀ ਐਕਟ ਦੀ ਗਲਤ ਧਾਰਾ ਸ਼ਾਮਲ ਕੀਤੀ ਗਈ ਸੀ, ਜਿਸ ਨੂੰ ਧਾਰਾ 3(2)(v) ਵਿੱਚ ਸੋਧਣ ਦੀ ਮੰਗ ਕੀਤੀ ਗਈ ਹੈ। ਪਰਿਵਾਰ ਨੂੰ ਅਜੇ ਤੱਕ ‘ਅੰਤਿਮ ਨੋਟ’ ਦੀ ਪ੍ਰਮਾਣਿਤ ਕਾਪੀ ਨਹੀਂ ਦਿੱਤੀ ਗਈ ਜਿਸ ਨਾਲ ਐਫਆਈਆਰ ਵਿੱਚ ਦੱਸੇ ਗਏ ਨੁਕਤਿਆਂ ਦੀ ਜਾਂਚ ਅਧੂਰੀ ਹੈ।
ਪੁਲੀਸ ਲੈ ਰਹੀ ਕਾਨੂੰਨੀ ਰਾਏ
ਪੁਲੀਸ ਸੂਤਰਾਂ ਨੇ ਦੱਸਿਆ ਕਿ ਅਮਨੀਤ ਪੀ.ਕੁਮਾਰ ਦੀ ਐਫਆਈਆਰ ਵਿੱਚ ਸੋਧ ਲਈ ਅਰਜ਼ੀ ਚੰਡੀਗੜ੍ਹ ਪੁਲੀਸ ਹੈੱਡਕੁਆਰਟਰ ਨੂੰ ਮਿਲ ਗਈ ਹੈ ਅਤੇ ਇਸ ਨੂੰ ਕਾਨੂੰਨੀ ਸਲਾਹ ਮਸ਼ਵਰੇ ਲਈ ਭੇਜ ਦਿੱਤਾ ਗਿਆ ਹੈ। ਹਾਲਾਂਕਿ ਪੁਲੀਸ ਵੱਲੋਂ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਹਾਲਾਂਕਿ, ਐਫਆਈਆਰ ਵਿੱਚ ਸੋਧ ਅਤੇ ‘ਅੰਤਿਮ ਨੋਟ’ ਦੀਆਂ ਪ੍ਰਮਾਣਿਤ ਕਾਪੀਆਂ ਦੀ ਮੰਗ ਦੇ ਨਾਲ, ਮਾਮਲਾ ਕਾਨੂੰਨੀ ਅਤੇ ਪ੍ਰਸ਼ਾਸਕੀ ਰੂਪ ਵਿਚ ਅਹਿਮ ਮੋੜ ’ਤੇ ਪਹੁੰਚ ਗਿਆ ਹੈ।