IPS suicide case ਵਾਈ.ਪੂਰਨ ਕੁਮਾਰ ਦਾ ਪੀਜੀਆਈ ’ਚ ਪੋਸਟਮਾਰਟਮ ਸ਼ੁਰੂ; ਸ਼ਾਮੀਂ 4 ਵਜੇ ਸੈਕਟਰ 25 ’ਚ ਹੋਵੇਗਾ ਸਸਕਾਰ
ਆਈਪੀਐਸ ਵਾਈ ਪੂਰਨ ਕੁਮਾਰ ਦਾ ਪਰਿਵਾਰ 8 ਦਿਨਾਂ ਬਾਅਦ ਉਨ੍ਹਾਂ ਦਾ ਪੋਸਟ ਮਾਰਟਮ ਕਰਵਾਉਣ ਲਈ ਰਾਜ਼ੀ ਹੋ ਗਿਆ ਹੈ। ਪੁਲੀਸ ਅਧਿਕਾਰੀ ਦਾ ਸ਼ਾਮੀਂ 4 ਵਜੇ ਸਸਕਾਰ ਕੀਤਾ ਜਾਵੇਗਾ। ਪੁਲੀਸ ਅਧਿਕਾਰੀ ਦੀ ਅੰਤਿਮ ਯਾਤਰਾ 3 ਵਜੇ ਸੈਕਟਰ- 24 ਸਥਿਤ ਘਰ ਤੋਂ ਸ਼ੁਰੂ ਹੋਵੇਗੀ। ਇਸ ਤੋਂ ਬਾਅਦ 4 ਵਜੇ ਸੈਕਟਰ- 25 ਸਥਿਤ ਸ਼ਮਸ਼ਾਨਘਾਟ ਵਿਚ ਸਸਕਾਰ ਕੀਤਾ ਜਾਵੇਗਾ।
ਪੁਲੀਸ ਅਧਿਕਾਰੀ ਦੀ ਆਈਏਐੱਸ ਪਤਨੀ ਅਮਨੀਤ ਪੀ.ਕੁਮਾਰ ਤੇ ਦੋ ਧੀਆਂ ਨੇ ਪੀਜੀਆਈ ਦੇ ਐਡਵਾਂਸ ਐਨਾਟੋਮੀ ਸੈਂਟਰ ਪਹੁੰਚ ਕੇ ਲਾਸ਼ ਦੀ ਸ਼ਨਾਖਤ ਕੀਤੀ, ਜਿਸ ਮਗਰੋਂ ਪੋਸਟ ਮਾਰਟਮ ਸ਼ੁਰੂ ਹੋ ਗਿਆ। ਇਹਤਿਆਤ ਵਜੋਂ ਪੀਜੀਆਈ ਖਾਸ ਕਰਕੇ ਸੈਂਟਰ ਨਜ਼ਦੀਕ ਪੁਲੀਸ ਸੁਰੱਖਿਆ ਵਧਾ ਦਿੱਤੀ ਗਈ ਹੈ।
ਹਰਿਆਣਾ ਬੈਚ ਦੇ ਆਈਪੀਐੇੱਸ ਅਧਿਕਾਰੀ ਵਾਈ.ਪੂਰਨ ਕੁਮਾਰ ਨੇ 7 ਅਕਤੂੁੁਬਰ ਨੂੰ ਚੰਡੀਗੜ੍ਹ ਵਿਚਲੀ ਰਿਹਾਇਸ਼ ’ਤੇ ਖ਼ੁਦਕੁਸ਼ੀ ਕਰ ਲਈ ਸੀ। ਪੁਲੀਸ ਅਧਿਕਾਰੀ ਦਾ ਪੋੋਸਟ ਮਾਰਟਮ ਇਥੇ ਪੀਜੀਆਈ ਵਿਚ ਕੀਤਾ ਜਾ ਰਿਹਾ ਹੈ। ਕਾਬਿਲੇਗੌਰ ਹੈ ਕਿ ਆਈਪੀਐੱਸ ਅਧਿਕਾਰੀ ਨੇ ਖੁ਼ਦਕੁਸ਼ੀ ਨੋਟ ਵਿਚ ਹਰਿਆਣਾ ਦੇ ਡੀਜੀਪੀ ਸ਼ਤਰੂਜੀਤ ਕਪੂਰ ਤੇ ਰੋੋਹਤਕ ਦੇ ਐੱਸਪੀ ’ਤੇ ਗੰਭੀਰ ਦੋਸ਼ ਲਾਏ ਸਨ।
ਪਰਿਵਾਰ ਵੱਲੋਂ ਇਨ੍ਹਾਂ ਦੋਵਾਂ ਅਧਿਕਾਰੀਆਂ ਖਿਲਾਫ਼ ਕੇਸ ਦਰਜ ਕਰਨ ਤੇ ਇਨ੍ਹਾਂ ਨੂੰ ਅਹੁਦਿਆਂ ਤੋਂ ਹਟਾਉਣ ਦੀ ਮੰਗ ਕੀਤੀ ਜਾ ਰਹੀ ਸੀ। ਸੂਬਾ ਸਰਕਾਰ ਨੇ ਡੀਜੀਪੀ ਸ਼ਤਰੂਜੀਤ ਕਪੂਰ ਨੂੰ ਛੁੱਟੀ ’ਤੇ ਭੇਜ ਦਿੱਤਾ ਹੈ ਤੇ ਉਨ੍ਹਾਂ ਦੀ ਥਾਂ ਓਪੀ ਸਿੰਘ ਨੂੰ ਡੀਜੀਪੀ ਦਾ ਵਾਧੂ ਚਾਰਜ ਸੌਂਪਿਆ ਹੈ।
ਲੰਘੇ ਦਿਨ ਕਾਂਗਰਸ ਆਗੂ ਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਚੰਡੀਗੜ੍ਹ ਪੁੱਜ ਕੇ ਆਈਪੀਐੱਸ ਵਾਈ ਪੂਰਨ ਕੁਮਾਰ ਦੀ ਪਤਨੀ ਤੇ ਆਈਏਐੱਸ ਅਧਿਕਾਰੀ ਅਮਨੀਤ ਪੀ.ਕੁਮਾਰ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਸੀ। ਰਾਹੁਲ ਨੇ ਮੰਗ ਕੀਤੀ ਸੀ ਕਿ ਸੂਬੇ ਦੀ ਭਾਜਪਾ ਸਰਕਾਰ ਡਰਾਮਾ ਛੱਡ ਕੇ ਪਰਿਵਾਰ ਨੂੰ ਇਨਸਾਫ਼ ਦਿਵਾਏ।
ਇਹ ਵੀ ਪੜ੍ਹੋ: Rohtak ASI suicide ਸੰਦੀਪ ਕੁਮਾਰ ਦੇ ਪੋਸਟਮਾਰਟਮ ਬਾਰੇ ਜਮੂਦ ਬਰਕਰਾਰ, ਪਰਿਵਾਰ ਐੱਫਆਈਆਰ ਦਰਜ ਕਰਨ ’ਤੇ ਬਜ਼ਿੱਦ
ਨਿਰਪੱਖ ਤੇ ਪਾਰਦਰਸ਼ੀ ਜਾਂਚ ਦੇ ਭਰੋਸੇ ਮਗਰੋਂ ਪੋਸਟਮਾਰਟਮ ਲਈ ਸਹਿਮਤੀ ਦਿੱਤੀ: ਅਮਨੀਤ ਪੀ.ਕੁਮਾਰ
ਮਰਹੂਮ ਆਈਪੀਐੇੱਸ ਅਧਿਕਾਰੀ ਵਾਈ.ਪੂਰਨ ਕੁਮਾਰ ਦੀ ਪਤਨੀ ਤੇ ਆਈਏਐੱਸ ਅਧਿਕਾਰੀ ਅਮਨੀਤ ਪੀ.ਕੁਮਾਰ ਨੇ ਇਕ ਬਿਆਨ ਵਿਚ ਕਿਹਾ ਕਿ ਯੂਟੀ ਪੁਲੀਸ ਵੱਲੋਂ ਨਿਰਪੱਖ ਤੇ ਪਾਰਦਰਸ਼ੀ ਜਾਂਚ ਕਰਵਾਉਣ ਦੇ ਭਰੋਸੇ ਅਤੇ ਹਰਿਆਣਾ ਸਰਕਾਰ ਵੱਲੋਂ ਕਾਨੂੰਨ ਅਨੁਸਾਰ ਕਿਸੇ ਵੀ ਦੋਸ਼ੀ ਅਧਿਕਾਰੀ ਵਿਰੁੱਧ ਢੁਕਵੀਂ ਕਾਰਵਾਈ ਕਰਨ ਦੀ ਵਚਨਬੱਧਤਾ ਦੇ ਮੱਦੇਨਜ਼ਰ ਉਨ੍ਹਾਂ ਦੇ ਪਰਿਵਾਰ ਨੇ ਪੋੋਸਟਮਾਰਟਮ ਲਈ ਸਹਿਮਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਨਿਰਧਾਰਿਤ ਪ੍ਰਕਿਰਿਆ ਅਨੁਸਾਰ ਗਠਿਤ ਡਾਕਟਰਾਂ ਦੇ ਬੋਰਡ ਵੱਲੋਂ ਇੱਕ ਬੈਲਿਸਟਿਕ ਮਾਹਰ ਦੀ ਮੌਜੂਦਗੀ ਤੇ ਇੱਕ ਮੈਜਿਸਟ੍ਰੇਟ ਦੀ ਨਿਗਰਾਨੀ ਹੇਠ ਕੀਤਾ ਜਾਵੇਗਾ। ਇਸ ਪੂਰੇ ਅਮਲ ਦੀ ਵੀਡੀਓਗ੍ਰਾਫੀ ਯਕੀਨੀ ਬਣਾਈ ਜਾਵੇਗੀ। ਕੁਮਾਰ ਨੇ ਕਿਹਾ ਕਿ ਉਸ ਨੂੰ ਨਿਆਂਪਾਲਿਕਾ ਅਤੇ ਪੁਲੀਸ ਅਧਿਕਾਰੀਆਂ ਉੱਤੇ ਪੂਰਾ ਭਰੋਸਾ ਹੈ।
ਪੀਜੀਆਈ ਵਿਚ ਪੁਲੀਸ ਦੀ ਨਫ਼ਰੀ ਵਧਾਈ
ਪੋਸਟ ਮਾਰਟਮ ਦੇ ਮੱਦੇਨਜ਼ਰ ਪੀਜੀਆਈ ਵਿਚ ਪੁਲੀਸ ਮੁਲਾਜ਼ਮਾਂ ਦੀ ਨਫਰੀ ਵਧਾ ਦਿੱਤੀ ਗਈ ਹੈ। ਮਰਹੂਮ ਆਈਪੀਐੱਸ ਅਧਿਕਾਰੀ ਦੀ ਮ੍ਰਿਤਕ ਦੇਹ ਨੂੰ Advanced Anatomy Centre (AAC) ਵਿਚ ਰੱਖਿਆ ਗਿਆ ਹੈ।
ਆਈਜੀਪੀ ਪੁਸ਼ਪੇਂਦਰ ਕੁਮਾਰ, ਐੱਸਐੱਸਪੀ ਕੰਵਰਦੀਪ ਕੌਰ, ਐੱਸਐੇੱਚਓ ਜੈਵੀਰ ਰਾਣਾ ਤੇ ਪੀਜੀਆਈ ਪੁਲੀਸ ਪੋਸਟ ਦੇ ਇੰਚਾਰਜ ਐੱਸਆਈ ਬਬੀਤਾ ਵੱਲੋਂ ਖੁਦ ਸਾਰੇ ਪ੍ਰਬੰਧਾਂ ’ਤੇ ਨਿਗਰਾਨੀ ਰੱਖੀ ਜਾ ਰਹੀ ਹੇ। AAC ਨੂੰ ਆਉਣ ਤੇ ਜਾਣ ਵਾਲੇ ਰਸਤੇ ਨੂੰ ਬੈਰੀਕੇਡ ਲਾ ਕੇ ਬੰਦ ਕਰ ਦਿੱਤਾ ਗਿਆ ਹੈ।
ਅਧਿਕਾਰਤ ਸੂਤਰਾਂ ਅਨੁਸਾਰ, ਮ੍ਰਿਤਕ ਅਧਿਕਾਰੀ ਦੇ ਪਰਿਵਾਰ - ਉਨ੍ਹਾਂ ਦੀ ਪਤਨੀ ਅਮਨੀਤ ਪੀ ਕੁਮਾਰ ਅਤੇ ਉਨ੍ਹਾਂ ਦੀਆਂ ਧੀਆਂ ਲਾਸ਼ ਦੀ ਪਛਾਣ ਕਰਨ ਅਤੇ ਪੋਸਟਮਾਰਟਮ ਦੀਆਂ ਰਸਮਾਂ ਪੂਰੀਆਂ ਕਰਨ ਲਈ ਪੀਜੀਆਈ ਪਹੁੰਚ ਗਈਆਂ ਹਨ। ਪੁਲੀਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਅਦਾਲਤ ਦੀ ਨਿਗਰਾਨੀ ਹੇਠ ਸਾਰੇ ਕਾਨੂੰਨੀ ਪ੍ਰੋਟੋਕੋਲ ਦੀ ਸਾਵਧਾਨੀ ਨਾਲ ਪਾਲਣਾ ਕੀਤੀ ਜਾ ਰਹੀ ਹੈ, ਅਤੇ ਪਛਾਣ ਪੂਰੀ ਹੋਣ ਤੋਂ ਬਾਅਦ ਪੋਸਟਮਾਰਟਮ ਅੱਗੇ ਵਧੇਗਾ।
ਕੀ ਹੈ ਪੂਰਾ ਮਾਮਲਾ
ਆਈਪੀਐੱਸ ਵਾਈ ਪੂਰਨ ਕੁਮਾਰ ਨੇ 7 ਅਕਤੂਬਰ ਨੂੰ ਆਪਣੀ ਚੰਡੀਗੜ੍ਹ ਸਥਿਤ ਰਿਹਾਇਸ਼ ਵਿੱਚ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਪੁਲੀਸ ਅਧਿਕਾਰੀ ਨੇ ਖ਼ੁਦਕੁਸ਼ੀ ਨੋਟ ਵਿਚ ਹਰਿਆਣਾ ਦੇ ਡੀਜੀਪੀ ਸ਼ਤਰੂਜੀਤ ਕਪੂਰ ਸਣੇ ਇੱਕ ਦਰਜਨ ਤੋਂ ਵੱਧ ਅਫਸਰਾਂ ਦੇ ਨਾਮ ਲਿਖ ਕੇ ਉਨ੍ਹਾਂ ’ਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਸੀ। ਪੀੜਤ ਪਰਿਵਾਰ ਨੇ ਡੀਜੀਪੀ ਸ਼ਤਰੂਜੀਤ ਕਪੂਰ ਅਤੇ ਰੋਹਤਕ ਦੇ ਤਤਕਾਲੀ ਐਸਪੀ ਨਰੇਂਦਰ ਬਿਜਾਰਨੀਆ ਦੀ ਗ੍ਰਿਫਤਾਰੀ ਹੋਣ ਤੱਕ ਪੋਸਟਮਾਰਟਮ ਨਾ ਕਰਵਾਉਣ ਦਾ ਐਲਾਨ ਕੀਤਾ ਸੀ। ਹਾਲਾਂਕਿ ਲੰਘੇ ਦਿਨ ਚੰਡੀਗੜ੍ਹ ਪੁਲੀਸ ਉਕਤ ਮਾਮਲੇ ਵਿੱਚ ਅਦਾਲਤ ਪਹੁੰਚ ਗਈ ਸੀ। ਅਦਾਲਤ ਨੇ ਇਸ ਮਾਮਲੇ ਵਿੱਚ ਵਾਈ ਪੂਰਨ ਕੁਮਾਰ ਦੀ ਪਤਨੀ ਅਮਨੀਤ ਪੀ.ਕੁਮਾਰ ਨੂੰ ਨੋਟਿਸ ਜਾਰੀ ਕਰਕੇ ਮਾਮਲੇ ਦੀ ਸੁਣਵਾਈ ਅੱਜ 15 ਅਕਤੂਬਰ ’ਤੇ ਪਾ ਦਿੱਤੀ ਸੀ।