ਸਿਖਲਾਈ ਕੈਂਪ ਦਾ ਉਦਘਾਟਨ
ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੋਮ ਨਾਥ ਸਚਦੇਵਾ ਦੀ ਅਗਵਾਈ ਹੇਠ ਪੰਜ ਰੋਜ਼ਾ ਯੂਥ ਰੈੱਡ ਕਰਾਸ ਸਿਖਲਾਈ ਕੈਂਪ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਕਾਲਜਾਂ ਤੇ ਯੂਨਵਰਸਿਟੀ ਦੇ ਅਧਿਆਪਨ ਵਿਭਾਗਾਂ ਦੇ ਵਾਲੰਟੀਅਰਾਂ ਨੇ ਸਰਗਰਮੀ ਨਾਲ ਹਿੱਸਾ ਲਿਆ। ਇਹ ਕੈਂਪ 12 ਨਵੰਬਰ ਤਕ ਚੱਲੇਗਾ। ਇਸ ਦਾ ਉਦੇਸ਼ ਵਿਦਿਆਰਥੀਆਂ ਵਿਚ ਮੁਨੱਖੀ ਕਦਰਾਂ-ਕੀਮਤਾਂ, ਟੀਮ ਭਾਵਨਾ ਤੇ ਸਮਾਜ ਸੇਵਾ ਦੀ ਭਾਵਨਾ ਨੂੰ ਵਿਕਸਤ ਕਰਨਾ ਹੈ। ਪ੍ਰੋਗਰਾਮ ਦਾ ਉਦਘਾਟਨ ਕੁਰੂਕਸ਼ੇਤਰ ਯੂਨੀਵਰਸਿਟੀ ਵਿਦਿਆਰਥੀ ਦੇ ਭਲਾਈ ਡੀਨ ਪ੍ਰੋ. ਏ ਆਰ ਚੌਧਰੀ ਨੇ ਬਤੌਰ ਮੁੱਖ ਮਹਿਮਾਨ ਕੀਤਾ। ਮੁੱਖ ਮਹਿਮਾਨ ਪ੍ਰੋ. ਏ ਆਰ ਚੌਧਰੀ ਨੇ ਰੈੱਡ ਕਰਾਸ ਦੇ ਆਦਰਸ਼, ਸਿਹਤ, ਸੇਵਾ ਤੇ ਦੋਸਤੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸਵਾਗਤੀ ਭਾਸ਼ਣ ਵਿੱਚ ਪ੍ਰੋ. ਡੀ ਐੱਸ ਰਾਣਾ ਨੇ ਕਿਹਾ ਕਿ ਯੂਥ ਰੈੱਡ ਕਰਾਸ ਕੈਂਪ ਦਾ ਉਦੇਸ਼ ਸਿਰਫ਼ ਸਿਖਲਾਈ ਦੇਣਾ ਨਹੀਂ, ਸਗੋਂ ਨੌਜਵਾਨਾਂ ਵਿਚ ਹਮਦਰਦੀ ਤੇ ਜ਼ਿੰਮੇਵਾਰੀ ਪੈਦਾ ਕਰਨਾ ਹੈ। ਪ੍ਰੋ. ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸੱਚੀ ਸਿੱਖਿਆ ਉਦੋਂ ਹੀ ਸੰਪੂਰਨ ਹੁੰਦੀ ਹੈ ਜਦੋਂ ਇਸ ਵਿਚ ਮਨੁੱਖਤਾ ਦੀ ਸੇਵਾ ਸ਼ਾਮਲ ਹੁੰਦੀ ਹੈ। ਡਾ. ਰੋਹਿਤ ਸ਼ਰਮਾ ਨੇ ਰੈੱਡ ਕਰਾਸ ਅੰਦੋਲਨ ਦੇ ਇਤਿਹਾਸ ਤੇ ਵਿਸ਼ਵਵਿਆਪੀ ਯੋਗਦਾਨਾਂ ’ਤੇ ਚਾਨਣਾ ਪਾਇਆ।
ਵਾਲੰਟੀਅਰ ਈਸ਼ਾ ਨੇ ਗਣੇਸ਼ ਵੰਦਨਾ ਦੀ ਪੇਸ਼ਕਾਰੀ ਕੀਤੀ। ਪ੍ਰੋਗਰਾਮ ਦੀ ਸਮਾਪਤੀ ਪ੍ਰੋ. ਡੀ ਐੱਸ ਰਾਣਾ ਦੇ ਧੰਨਵਾਦੀ ਮਤੇ ਨਾਲ ਹੋਈ। ਇਸ ਵਿਚ ਉਨ੍ਹਾਂ ਨੇ ਕੈਂਪ ਨੂੰ ਸਫਲਤਾਪੂਰਵਕ ਕਰਨ ਵਿਚ ਸਹਿਯੋਗ ਦੇਣ ਲਈ ਵਾਈਸ ਚਾਂਸਲਰ ਪ੍ਰੋ. ਸੋਮਨਾਥ ਸਚਦੇਵਾ, ਯੂਨੀਵਰਸਿਟੀ ਪ੍ਰਸ਼ਾਸਨ ਤੇ ਵਾਲੰਟੀਅਰਾਂ ਦਾ ਧੰਨਵਾਦ ਕੀਤਾ।
