ਬਾਬੈਨ ਵਿੱਚ ਨਾਜਾਇਜ਼ ਕਬਜ਼ੇ ਹਟਾਏ
ਪ੍ਰਸ਼ਾਸਨ ਵੱਲੋਂ ਸਟੇਟ ਹਾਈ ਵੇਅ ਨੰਬਰ-7 ’ਤੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਛੁਡਵਾਏ ਗਏ। ਕਬਜ਼ੇ ਹਟਾਉਣ ਲਈ ਮੁਹਿੰਮ ਵਾਸਤੇ ਬਾਬੈਨ ਦੀ ਨਾਇਬ ਤਹਿਸੀਲਦਾਰ ਗੀਤਾ ਰਾਮ ਨੂੰ ਡਿਊਟੀ ਮੈਜਿਸਟਰੇਟ ਨਿਯੁਕਤ ਕੀਤਾ ਗਿਆ ਸੀ। ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਬਾਬੈਨ ਦੇ ਬੀ ਡੀ ਪੀ ਓ ਰੂਬਲ ਦੀਨ ਦਿਆਲ, ਸਕੱਤਰ ਵਰਿੰਦਰ ਕੁਮਾਰ ਤੇ ਪੁਲੀਸ ਅਧਿਕਾਰੀ ਮੌਜੂਦ ਸਨ। ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੁਕਾਨਦਾਰਾਂ ਨੇ ਮੁੱਖ ਸੜਕ ’ਤੇ ਲੰਮੇ ਸਮੇਂ ਤੋਂ ਨਾਜਾਇਜ਼ ਕਬਜ਼ੇ ਕੀਤੇ ਹੋਏ ਸਨ ਤੇ ਹਰ ਲੰਘਣ ਵਾਲੇ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਦੱਸਿਆ ਕਿ ਦੁਕਾਨਦਾਰਾਂ ਨੂੰ ਕਈ ਵਾਰ ਕਬਜ਼ੇ ਹਟਾਉਣ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਨੇ ਅਮਲ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਪੁਲੀਸ ਦੀ ਮਦਦ ਨਾਲ ਨਾਜਾਇਜ਼ ਕਬਜ਼ੇ ਹਟਾ ਦਿੱਤੇ ਹਨ ਤਾਂ ਜੋ ਲੋਕਾਂ ਨੂੰ ਜਾਮ ਤੋਂ ਰਾਹਤ ਮਿਲ ਸਕੇ। ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਾਬੈਨ ਦੇ ਮੁੱਖ ਚੌਕ ਤੋਂ ਕਬਜ਼ੇ ਹਟਾਉਣ ਨਾਲ ਜਗਾ ਕਾਫੀ ਹੱਦ ਤਕ ਖੁੱਲ੍ਹ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਦੁਕਾਨਦਾਰ ਹਾਈ ਵੇਅ ਨੰਬਰ 7 ਦੇ ਦੋਹੀਂ ਪਾਸੀਂ ਕਬਜ਼ਾ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਲੋਕਾਂ ਨੇ ਪ੍ਰਸ਼ਾਸਨ ਦੀ ਕਾਰਵਾਈ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਕਬਜ਼ਿਆਂ ਕਾਰਨ ਹਰ ਵੇਲੇ ਜਾਮ ਦੀ ਸਥਿਤੀ ਬਣੀ ਰਹਿੰਦੀ ਸੀ। ਹੁਣ ਕਬਜ਼ੇ ਹਟਾਉਣ ਨਾਲ ਸੜਕ ਖੁੱਲ੍ਹ ਗਈ ਹੈ।
