ਜੇ ਮੈਦਾਨ ਤੋਂ ਲਾਸ਼ ਆਵੇਗੀ ਤਾਂ ਆਪਣੇ ਪੁੱਤ ਨੂੰ ਖੇਡਣ ਕੌਣ ਭੇਜੇਗਾ?: ਭਗਵੰਤ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਜਦੋਂ ਖੇਡ ਮੈਦਾਨ ਤੋਂ ਲਾਸ਼ ਘਰ ਆਵੇਗੀ ਤਾਂ ਆਪਣੇ ਪੁੱਤ ਨੂੰ ਖੇਡਣ ਲਈ ਕੌਣ ਭੇਜੇਗਾ? ਉਨ੍ਹਾਂ ਕਿਹਾ ਕਿ ਅਜਿਹੇ ਹਾਦਸਿਆਂ ਨੂੰ ਦੇਖਦੇ ਹੋਏ ਪੂਰੇ ਦੇਸ਼ ਦੇ ਖੇਡ ਮੈਦਾਨਾਂ ਦਾ ਰਿਵਿਊ ਕੀਤਾ ਜਾਣਾ ਚਾਹੀਦਾ ਹੈ।
ਵੀਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰੋਹਤਕ ਦੇ ਪਿੰਡ ਲਾਖਣਮਾਜਰਾ ਵਿਖੇ ਮ੍ਰਿਤਕ ਕੌਮੀ ਖਿਡਾਰੀ ਹਾਰਦਿਕ ਦੇ ਘਰ ਪਹੁੰਚੇ ਅਤੇ ਸ਼ਰਧਾਂਜਲੀ ਭੇਟ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਖੇਡ ਮੰਤਰੀ ਨੂੰ ਤੁਰੰਤ ਨੋਟਿਸ ਲੈਣਾ ਚਾਹੀਦਾ ਹੈ ਅਤੇ ਜੋ ਵੀ ਦੋਸ਼ੀ ਹੈ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਘਟਨਾ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਅਤੇ ਕੇਂਦਰੀ ਖੇਡ ਮੰਤਰੀ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਅਤੇ ਭਵਿੱਖ ਵਿੱਚ ਅਜਿਹਾ ਹਾਦਸਾ ਨਾ ਹੋਵੇ, ਇਸ ਲਈ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ। ਇਸ ਦੌਰਾਨ ਉਨ੍ਹਾਂ ਹਰਿਆਣਾ ਦੀ ਖੇਡ ਨੀਤੀ ’ਤੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਇਸ ਦੇ ਨਤੀਜੇ ਸਭ ਦੇ ਸਾਹਮਣੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਕੀਤਾ ਕਿ ਉਹ ਇੱਥੇ ਇੱਕ ਖੇਡ ਪ੍ਰੇਮੀ ਹੋਣ ਦੇ ਨਾਤੇ ਆਏ ਹਨ, ਨਾ ਕਿ ਕੋਈ ਰਾਜਨੀਤੀ ਕਰਨ। ਉਨ੍ਹਾਂ ਕਿਹਾ ਕਿ ਖਿਡਾਰੀ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਮੁਆਵਜ਼ਾ ਮਿਲੇ ਤਾਂ ਜੋ ਪਰਿਵਾਰ ਨੂੰ ਦਰ-ਦਰ ਦੀਆਂ ਠੋਕਰਾਂ ਨਾ ਖਾਣੀਆਂ ਪੈਣ। ਉਨ੍ਹਾਂ ਮੰਗ ਕੀਤੀ ਕਿ ਇਸ ਲਾਪਰਵਾਹੀ ਲਈ ਜੋ ਵੀ ਜ਼ਿੰਮੇਵਾਰ ਹੈ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
