HSGMC elections ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਵੋਟਿੰਗ ਜਾਰੀ
ਪ੍ਰਵੀਨ ਕੁਮਾਰ/ ਰਾਮ ਕੁਮਾਰ ਮਿੱਤਲ
ਕਰਨਾਲ/ ਗੁਹਲਾ ਚੀਕਾ(ਕੈਥਲ), 19 ਜਨਵਰੀ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਚਐੱਸਜੀਐੱਮਸੀ) ਲਈ ਰਾਜ ਦੇ 39 ਵਾਰਡਾਂ ਵਿੱਚ ਵੋਟਿੰਗ ਦਾ ਅਮਲ ਸ਼ਾਂਤੀਪੂਰਨ ਢੰਗ ਨਾਲ ਜਾਰੀ ਹੈ। ਦੁਪਹਿਰ 12 ਵਜੇ ਤੱਕ 398 ਬੂਥਾਂ ’ਤੇ ਕਰੀਬ 28.41 ਫੀਸਦ ਵੋਟਿੰਗ ਦਰਜ ਕੀਤੀ ਗਈ ਹੈ। ਵੋਟਿੰਗ ਸ਼ਾਮ 5 ਵਜੇ ਤੱਕ ਜਾਰੀ ਰਹੇਗੀ ਅਤੇ ਵੋਟਿੰਗ ਪ੍ਰਕਿਰਿਆ ਤੋਂ ਬਾਅਦ ਨਤੀਜੇ ਐਲਾਨੇ ਜਾਣਗੇ। ਕੁੱਲ 3.5 ਲੱਖ ਰਜਿਸਟਰਡ ਵੋਟਰਾਂ ਵਿੱਚੋਂ ਕਈ ਪੋਲਿੰਗ ਬੂਥਾਂ ’ਤੇ ਵੋਟ ਪਾਉਣ ਲਈ ਕਤਾਰਾਂ ਵਿੱਚ ਹਨ। ਸ਼ੁਰੂ ਵਿੱਚ ਕੁੱਲ 165 ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇ ਸਨ, ਹਾਲਾਂਕਿ, ਟੋਹਾਣਾ (ਵਾਰਡ-25) ਤੋਂ ਅਮਨਪ੍ਰੀਤ ਕੌਰ ਬਿਨਾਂ ਮੁਕਾਬਲਾ ਚੁਣੀ ਗਈ, ਬਾਕੀ ਸੀਟਾਂ ਲਈ 164 ਉਮੀਦਵਾਰ ਚੋਣ ਲੜ ਰਹੇ ਸਨ।
ਇਨ੍ਹਾਂ ਚੋਣਾਂ ਲਈ ਪ੍ਰਮੁੱਖ ਸਿੱਖ ਸੰਗਠਨਾਂ ਨੇ ਉਮੀਦਵਾਰ ਖੜ੍ਹੇ ਕੀਤੇ ਹਨ, ਜਿਨ੍ਹਾਂ ਵਿੱਚ HSGMC ਦੇ ਸਾਬਕਾ (ਐਡ-ਹਾਕ) ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਦੀ ਅਗਵਾਈ ਵਾਲਾ ਪੰਥਕ ਦਲ (ਝੀਂਡਾ), ਸਾਬਕਾ ਸੀਨੀਅਰ ਉਪ ਪ੍ਰਧਾਨ ਦੀਦਾਰ ਸਿੰਘ ਨਲਵੀ ਦੀ ਅਗਵਾਈ ਵਾਲਾ ਸਿੱਖ ਸਮਾਜ ਸੰਸਥਾ, ਹਰਿਆਣਾ ਸਿੱਖ ਪੰਥਕ ਦਲ ਅਤੇ ਗੁਰਦੁਆਰਾ ਸੰਘਰਸ਼ ਕਮੇਟੀ ਹਰਿਆਣਾ ਸ਼ਾਮਲ ਹਨ। ਇਸ ਤੋਂ ਇਲਾਵਾ 100 ਆਜ਼ਾਦ ਉਮੀਦਵਾਰ ਵੀ ਚੋਣ ਲੜ ਰਹੇ ਹਨ। ਕਰਨਾਲ, ਕੈਥਲ ਵਿੱਚ, ਸੱਤ ਬੂਥ ਹਨ। ਕਰਨਾਲ (ਵਾਰਡ-19) ਵਿੱਚ 39.1% ਵੋਟਿੰਗ ਦਰਜ ਕੀਤੀ ਗਈ, ਜਦੋਂ ਕਿ ਅਸੰਧ (ਵਾਰਡ-18) ਵਿੱਚ 25.95 ਫੀਸਦ, ਨਿਸਿੰਗ (ਵਾਰਡ-17) ਵਿੱਚ 21.54 ਫੀਸਦ, ਨੀਲੋਖੇੜੀ (ਵਾਰਡ-16) ਵਿੱਚ 25.18 ਫੀਸਦ, ਗੂਹਲਾ (ਵਾਰਡ-20) ਵਿੱਚ 25.26 ਫੀਸਦ, ਕੰਗਥਲੀ (ਵਾਰਡ-21) ਵਿੱਚ 28.88 ਫੀਸਦ, ਕੈਥਲ (ਵਾਰਡ-22) ਵਿੱਚ 24.36 ਫੀਸਦ ਵੋਟਿੰਗ ਹੋਈ। ਕੈਥਲ ਦੀ ਡਿਪਟੀ ਕਮਿਸ਼ਨਰ ਪ੍ਰੀਤੀ ਨੇ ਵੱਖ-ਵੱਖ ਬੂਥਾਂ 'ਤੇ ਪੋਲਿੰਗ ਪ੍ਰਕਿਰਿਆ ਦਾ ਨਿਰੀਖਣ ਕੀਤਾ। ਉਨ੍ਹਾਂ ਵੋਟਰਾਂ ਨਾਲ ਗੱਲਬਾਤ ਵੀ ਕੀਤੀ।
ਇਸ ਦੌਰਾਨ ਗੂਹਲਾ ਚੀਕਾ ਵਿਚ ਜ਼ਿਲ੍ਹਾ ਚੋਣ ਅਫ਼ਸਰ ਅਤੇ ਡੀਸੀ ਪ੍ਰੀਤੀ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਵੱਖ-ਵੱਖ ਪੋਲਿੰਗ ਕੇਂਦਰਾਂ ਦਾ ਦੌਰਾ ਕੀਤਾ ਅਤੇ ਵੋਟਿੰਗ ਪ੍ਰਕਿਰਿਆ ਦਾ ਜਾਇਜ਼ਾ ਲਿਆ। ਸਭ ਤੋਂ ਪਹਿਲਾਂ ਡੀ.ਸੀ.ਕਮੇਟੀ ਚੌਕ ਪੱਟੀ ਅਫਗਾਨ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਲਗਾਏ ਗਏ ਬੂਥਾਂ 'ਤੇ ਪੁੱਜੇ, ਜਿੱਥੇ ਉਨ੍ਹਾਂ ਵੋਟ ਪ੍ਰਤੀਸ਼ਤਤਾ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਵੋਟਰਾਂ ਨਾਲ ਗੱਲਬਾਤ ਵੀ ਕੀਤੀ | ਉਨ੍ਹਾਂ ਦੱਸਿਆ ਕਿ ਕਮੇਟੀ ਦੇ ਜ਼ਿਲ੍ਹੇ ਵਿੱਚ ਤਿੰਨ ਵਾਰਡ ਹਨ, ਜਿਨ੍ਹਾਂ ਵਿੱਚ ਵਾਰਡ ਨੰ: 20 ਗੂਹਲਾ, ਵਾਰਡ ਨੰ: 21 ਕਾਗਥਲੀ, ਵਾਰਡ ਨੰ: 22 ਕੈਥਲ ਸ਼ਾਮਿਲ ਹਨ। ਇਨ੍ਹਾਂ ਤਿੰਨਾਂ ਵਾਰਡਾਂ ਵਿੱਚ ਕੁੱਲ 12 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਸਭ ਤੋਂ ਪਹਿਲਾਂ ਇਸ ਜ਼ਿਲ੍ਹੇ ਦੇ ਸਾਰੇ 34 ਬੂਥਾਂ 'ਤੇ ਮੌਕ ਪੋਲ ਦੀ ਪ੍ਰਕਿਰਿਆ ਕਰਵਾਈ ਗਈ। ਜਿਸ ਤੋਂ ਬਾਅਦ ਸਵੇਰੇ ਨਿਰਧਾਰਿਤ ਸਮੇਂ 'ਤੇ ਵੋਟਿੰਗ ਪ੍ਰਕਿਰਿਆ ਸ਼ੁਰੂ ਹੋ ਗਈ। ਵੋਟਾਂ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਜ਼ਿਲ੍ਹੇ ਵਿੱਚ ਪੁਲੀਸ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।