ਹੁੱਡਾ ਨੇ ਭਾਜਪਾ ਦੀ ਬੀ ਟੀਮ ਬਣ ਕੇ ਕਾਂਗਰਸ ਦੀ ਬੇੜੀ ਡੋਬੀ: ਚੌਟਾਲਾ
ਜਨਨਾਇਕ ਜਨਤਾ ਪਾਰਟੀ (ਜਜਪਾ) ਦੇ ਕੌਮੀ ਪ੍ਰਧਾਨ ਡਾ. ਅਜੈ ਸਿੰਘ ਚੌਟਾਲਾ ਨੇ ਭਾਜਪਾ-ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਕਾਂਗਰਸ ਦੇ ਕਾਰਨ ਹੀ ਭਾਜਪਾ ਦੀ ਸਰਕਾਰ ਬਣੀ ਹੈ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਭਾਜਪਾ ਦੀ ਬੀ ਟੀਮ ਬਣ ਕੇ ਕਾਂਗਰਸ ਦੀ ਬੇੜੀ ਡੁਬੋ ਦਿੱਤੀ ਅਤੇ ਹੁਣ ਉਹ ਸੂਬੇ ਲੁੱਟਣ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਅੱਜ ਪੂਰੇ ਸੂਬੇ ਵਿੱਚ ਜੰਗਲ ਰਾਜ ਹੈ, ਬਹੂ-ਬੇਟੀਆਂ ਨੂੰ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਹੁਣ ਤਾਂ ਵਿਦਿਅਕ ਸੰਸਥਾਵਾਂ ਵੀ ਕੁੜੀਆ ਲਈ ਸੁਰੱਖਿਅਤ ਨਹੀਂ ਰਹੀਆਂ। ਡਾ. ਅਜੈ ਸਿੰਘ ਚੌਟਾਲਾ ਜੀਂਦ ਦੇ ਜੁਲਾਨਾ ਵਿੱਚ ਜਜਪਾ ਦੇ ਅੱਠਵੇਂ ਸਥਾਪਨਾ ਦਿਵਸ ਮੌਕੇ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਰੈਲੀ ਨੂੰ ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਦੇ ਨਾਲ ਜਾਣਾ ਉਨ੍ਹਾਂ ਦੀ ਮਜ਼ਬੂਰੀ ਸੀ। ਜੇਕਰ ਉਹ 2019 ਵਿੱਚ ਭਾਜਪਾ ਦੇ ਨਾਲ ਨਹੀਂ ਜਾਂਦੇ ਤਾਂ ਅੱਜ ਨਾਂ ਤਾਂ ਪਾਰਟੀ ਦਾ ਝੰਡਾ ਬਚਣਾ ਸੀ ਤੇ ਨਾ ਹੀ ਇੰਨੇ ਵਿਕਾਸ ਦੇ ਕੰਮ ਹੋਣੇ ਸਨ। ਉਨ੍ਹਾਂ ਨੇ ਕਿਹਾ ਕਿ ਜਦੋਂ ਜਜਪਾ ਸੱਤਾ ਵਿੱਚ ਸੀ ਤਾਂ ਉਦੋਂ ਚੰਡੀਗੜ੍ਹ ਵਿੱਚ ਆਮ ਲੋਕਾਂ ਦੀ ਸੁਣਵਾਈ ਲਈ 24 ਘੰਟੇ ਦਰਵਾਜੇ ਖੁੱਲ੍ਹੇ ਸਨ, ਪਰ ਹੁਣ ਚੰਡੀਗੜ੍ਹ ਜਾਣ ਵਾਲਿਆਂ ਨੂੰ ਸੁਣਵਾਈ ਦੀ ਥਾਂ ਧੱਕੇ ਮਿਲ ਰਹੇ ਹਨ। ਮੰਚ ਸੰਚਾਲਨ ਦਿਗਵਿਜੈ ਚੌਟਾਲਾ ਨੇ ਕੀਤਾ। ਉਨ੍ਹਾਂ ਕਿਹਾ ਕਿ ਜਜਪਾ ਜਨ-ਨਾਇਕ ਚੌਧਰੀ ਦੇਵੀ ਲਾਲ ਦੇ ਦੱਸੇ ਮਾਰਗਾਂ ’ਤੇ ਚੱਲਣ ਵਾਲੀ ਪਾਰਟੀ ਹੈ। ਪਾਰਟੀ ਦੇ ਸੀਨੀਅਰ ਆਗੂ ਕੇ ਸੀ ਬਾਂਗਰ ਨੇ ਵੀ ਵਿਚਾਰ ਰੱਖੇ।
