ਅਣਖ ਲਈ ਕਤਲ: ਐਨਕਾਉਂਟਰ ਦੌਰਾਨ ਪੀੜਤ ਲੜਕੀ ਦੇ ਭਰਾ ਸਮੇਤ ਚਾਰ ਕਾਬੂ
ਇੱਥੇ ਅਣਖ ਲਈ ਕਤਲ ਦੇ ਮਾਮਲੇ ਵਿੱਚ ਵੱਡੀ ਸਫ਼ਲਤਾ ਹਾਸਲ ਕਰਦਿਆਂ ਸਥਾਨਕ ਪੁਲੀਸ ਨੇ ਵੀਰਵਾਰ ਦੇਰ ਰਾਤ ਲਾਢੋਤ–ਬੋਹਰ ਸੜਕ 'ਤੇ ਇੱਕ ਮੁਕਾਬਲੇ ਤੋਂ ਬਾਅਦ ਪੀੜਤ ਲੜਕੀ ਦੇ ਭਰਾ ਸਮੇਤ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਗੋਲੀਬਾਰੀ ਦੌਰਾਨ ਮੁਲਜ਼ਮਾਂ ਦੀਆਂ ਲੱਤਾਂ 'ਤੇ ਗੋਲੀਆਂ ਲੱਗੀਆਂ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਰੋਹਤਕ ਪੀਜੀਆਈ ਵਿੱਚ ਦਾਖਲ ਕਰਵਾਇਆ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਸੰਜੂ ਅਤੇ ਰਾਹੂਲ ਵਾਸੀ ਪਿੰਡ ਕਾਹਨੀ, ਅੰਕਿਤ ਉਰਫ ਬਾਬਾ ਅਤੇ ਗੋਰਵ ਵਾਸੀ ਪਿੰਡ ਰੁਖੀ ਜ਼ਿਲ੍ਹਾ ਸੋਨੀਪਤ ਵਜੋਂ ਹੋਈ ਹੈ। ਪੁਲੀਸ ਨੇ ਉਨ੍ਹਾਂ ਪਾਸੋਂ ਚਾਰ ਪਿਸਤੌਲ, 10 ਜ਼ਿੰਦਾ ਕਾਰਤੂਸ, 10 ਖਾਲ੍ਹੀ ਕਾਰਤੂਸ, ਦੋ ਮੈਗਜ਼ਿਨ ਅਤੇ ਇੱਕ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਹੈ।
ਕਾਬੂ ਕੀਤੇ ਸਾਰੇ ਵਿਅਕਤੀ ਕਾਹਨੀ ਪਿੰਡ ਦੇ ਸਪਨਾ ਕਤਲ ਕੇਸ ਵਿੱਚ ਮੁਲਜ਼ਮ ਹਨ। 23 ਸਾਲਾ ਸਪਨਾ ਨੂੰ ਕਥਿਤ ਤੌਰ ’ਤੇ ਉਸ ਦੇ ਸਹੁਰੇ ਘਰ ਵਿੱਚ ਭਰਾ ਸੰਜੂ ਅਤੇ ਤਿੰਨ ਹੋਰਾਂ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਦ ਕਿ ਇਸ ਦੌਰਾਨ ਬਚਾਅ ਕਰਨ ਮੌਕੇ ਸਪਨਾ ਦਾ ਦਿਓਰ ਸਾਹਿਲ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਸੀ। ਜ਼ਿਕਰਯੋਗ ਹੈ ਕਿ ਸੰਜੂ ਆਪਣੀ ਭੈਣ ਨਾਲ ਇਸ ਗੱਲ ਕਾਰਨ ਨਾਰਾਜ਼ ਸੀ ਕਿ ਉਸ ਨੇ ਪਰਿਵਾਰ ਦੀ ਮਰਜ਼ੀ ਤੋਂ ਬਿਨਾਂ ਪਿੰਡ ਦੇ ਹੀ ਇੱਕ ਨੌਜਵਾਨ ਨਾਲ ਤਿੰਨ ਸਾਲ ਪਹਿਲਾਂ ਪ੍ਰੇਮ ਵਿਆਹ ਕਰਵਾ ਲਿਆ ਸੀ।
