ਹਰਿਆਣਾ ਦੇ ਏਡੀਜੀਪੀ ਵੱਲੋਂ ਕੀਤੀ ਖੁਦਕਸ਼ੀ ਦੀ ਉੱਚ ਪੱਧਰੀ ਜਾਂਚ ਹੋਵੇ: ਮਾਨ
ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਇਕ ਆਈ.ਪੀ.ਐਸ ਰੈਂਕ ਦੇ ਹਰਿਆਣੇ ਦੇ ਉੱਚ ਅਫਸਰ ਪੂਰਨ ਕੁਮਾਰ ਦੇ ਖੁਦਕੁਸ਼ੀ ਮਾਮਲੇ ਵਿਚ ਕਈ ਆਈ.ਏ.ਐਸ ਅਤੇ ਪੁਲੀਸ ਅਫਸਰਾਂ ਦੇ ਨਾਮ ਪ੍ਰਤੱਖ ਰੂਪ ਵਿਚ ਸਾਹਮਣੇ ਆਏ ਹਨ ਜੋ ਉਸ ਨੂੰ ਕਈ ਤਰੀਕਿਆਂ ਰਾਹੀ ਮਾਨਸਿਕ ਪੀੜਾ ਦਿੰਦੇ ਸਨ। ਉਨ੍ਹਾਂ ਕਿਹਾ ਕਿ ਇਹ ਹੋਰ ਵੀ ਦੁੱਖ ਅਤੇ ਅਫਸੋਸ ਵਾਲੀ ਗੱਲ ਹੈ ਕਿ ਉਸ ’ਤੇ ਇਕ ਦਲਿਤ ਅਫਸਰ ਹੋਣ ਦੀ ਬਦੌਲਤ ਕਥਿਤ ਜਾਤੀਵਾਦ ਅਤੇ ਨਸਲਵਾਦ ਦੀ ਨਫਰਤ ਭਰੀ ਸੋਚ ਅਧੀਨ ਇਹ ਮਾਨਸਿਕ ਤਸ਼ੱਦਦ ਢਾਹਿਆ ਜਾ ਰਿਹਾ ਸੀ, ਜਿਸ ਕਾਰਨ ਇਹ ਦੁਖਾਂਤ ਵਾਪਰਿਆ। ਉਨ੍ਹਾਂ ਮਾਮਲੇ ਦੀ ਉਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਦੋਸ਼ੀ ਭਾਵੇ ਵੱਡੇ ਤੋਂ ਵੱਡੇ ਅਹੁਦੇ ਉਪਰ ਹੋਵੇ ਉਸ ਨੂੰ ਬਣਦੀ ਸਜ਼ਾ ਦਿਤੀ ਜਾਵੇ। ਸ੍ਰੀ ਮਾਨ ਨੇ ਸ੍ਰੀ ਪੂਰਨ ਕੁਮਾਰ ਦੀ ਹੋਈ ਦੁਖਾਂਤਕ ਮੌਤ ਉਤੇ ਉਨ੍ਹਾਂ ਦੀ ਪਤਨੀ ਅਮਨੀਤ ਪੂਰਨ ਕੁਮਾਰ ਜੋ ਖੁਦ ਵੀ ਇਕ ਆਈ.ਏ.ਐਸ ਅਫਸਰ ਹਨ ਨਾਲ ਦੁੱਖ ਦੀ ਘੜੀ ਵਿਚ ਹਮਦਰਦੀ ਪ੍ਰਗਟ ਕਰਦੇ ਹੋਏ ਅਕਾਲ ਪੁਰਖ ਦੇ ਚਰਨਾਂ ਵਿਚ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਵੀ ਕੀਤੀ ਅਤੇ ਭਰੋਸਾ ਦਿਤਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਜਬਰ ਵਿਰੁੱਧ ਆਪਣੀ ਜ਼ਿੰਮੇਵਾਰੀ ਸਮਝ ਕੇ ਇਨਸਾਫ਼ ਮਿਲਣ ਤੱਕ ਆਵਾਜ਼ ਬੁਲੰਦ ਕਰਦਾ ਰਹੇਗਾ।
ਫੋਟੋ ਕੈਪਸ਼ਨ: ਸਿਮਰਨਜੀਤ ਸਿੰਘ ਮਾਨ