ਸ੍ਰੀ ਕ੍ਰਿਸ਼ਨ ਅਜਾਇਬ ਘਰ ’ਚ ਵਿਰਾਸਤੀ ਪ੍ਰੋਗਰਾਮ
ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪ੍ਰਾਚੀਨ ਭਾਰਤੀ ਇਤਿਹਾਸ, ਸੱਭਿਆਚਾਰ ਅਤੇ ਪੁਰਾਤੱਤਵ ਵਿਭਾਗ ਦੀ ਸਾਬਕਾ ਚੇਅਰਮੈਨ ਪ੍ਰੋ. ਅਰੁਣ ਕੇਸਰੀਵਾਨੀ ਨੇ ਕਿਹਾ ਹੈ ਕਿ ਜੇ ਮਨੁੱਖ ਸ਼ੀ ਕ੍ਰਿਸ਼ਨ ਦੇ ਆਦਰਸ਼ਾਂ ਦਾ ਅਭਿਆਸ ਕਰਦੇ ਹਨ ਤਾਂ ਉਨ੍ਹਾਂ ਦਾ ਜੀਵਨ ਅਨੁਸ਼ਾਸ਼ਿਤ, ਅਰਥਪੂਰਨ ਅਤੇ ਸਮਾਜ ਲਈ ਉਪਯੋਗੀ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਕ੍ਰਿਸਨ ਅਜਾਇਬ ਘਰ ਭਾਰਤੀ ਸੱਭਿਆਚਾਰ ਅਤੇ ਪੁਰਾਣੀ ਵਿਰਾਸਤ ਦਾ ਇਕ ਜੀਵਤ ਕੈਂਦਰ ਹੈ, ਜੋ ਆਉਣ ਵਾਲੀਆਂ ਪੀੜੀਆਂ ਨੂੰ ਇਤਿਹਾਸ ਨਾਲ ਜੋੜਨ ਦਾ ਕੰਮ ਕਰ ਰਿਹਾ ਹੈ। ਪ੍ਰੋ. ਅਰੂਣ ਕੇਸਰੀਵਾਨੀ ਨੇ ਆਪਣੇ ਇਹ ਵਿਚਾਰ ਸ੍ਰੀ ਕ੍ਰਿਸ਼ਨ ਅਜਾਇਬ ਘਰ ਕੁਰੂਕਸ਼ੇਤਰ ਵਿੱਚ ਕਰਵਾਏ ਗਏ ਇੱਕ ਵਿਰਾਸਤੀ ਪ੍ਰੋਗਰਾਮ ਦੌਰਾਨ ਸਾਂਝੇ ਕੀਤੇ। ਪ੍ਰੋਗਰਾਮ ਵਿਚ ਜਨਮ ਅਸ਼ਟਮੀ ਦੇ ਵਿਸ਼ੇ ’ਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦਾ ਮੁਕਾਬਲਾ ਕਰਵਾਇਆ। ਮੁਕਾਬਲੇ ਵਿਚ ਪਹਿਲਾ ਇਨਾਮ ਵਿਸ਼ਵਾਸ਼ ਪਬਲਿਕ ਸਕੂਲ ਸ਼ਾਹਬਾਦ ਦੀ ਪਰਲੀਨ ਕੌਰ, ਨਵਸੀਨ ਤੇ ਆਯੂਸ਼ੀ ਨੇ ਪ੍ਰਾਪਤ ਕੀਤਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਥਾਨੇਸਰ ਦੀ ਅੰਜਲੀ, ਤ੍ਰਿਪਤੀ ਤੇ ਸਰਿਤਾ ਨੇ ਦੂਜਾ ਇਨਾਮ ਪ੍ਰਾਪਤ ਕੀਤਾ। ਤੀਜਾ ਇਨਾਮ ਐੱਸਡੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸੁੰਦਰਪੁਰ ਦੀ ਸੁਨਾਕਾਸ਼ੀ, ਮੰਨਤ ਅਤੇ ਰੀਆ ਨੂੰ ਦਿੱਤਾ ਗਿਆ। ਮੁਕਾਬਲੇ ਦੇ ਭਾਗੀਦਾਰਾਂ ਨੂੰ ਮੁੱਖ ਮਹਿਮਾਨ ਨੇ ਇਨਾਮ ਅਤੇ ਸਰਟੀਫਿਕੇਟ ਦਿੱਤੇ।