ਸਿਹਤ ਅਮਲੇ ਨੇ ਬਿਮਾਰਾਂ ਦੇ ਖੂਨ ਦੇ ਨਮੂਨੇ ਲਏ
ਦੋ ਦਿਨਾਂ ਤੋਂ ਮੌਸਮ ਵਿੱਚ ਹੋਏ ਬਦਲਾਅ ਮਗਰੋਂ ਬਿਮਾਰੀਆਂ ਵਿੱਚ ਵਾਧਾ ਹੋਣ ਲੱਗਿਆ ਹੈ। ਇੱਥੇ ਨਾਗਰਿਕ ਹਸਪਤਾਲ ਅਤੇ ਨਿੱਜੀ ਹਸਪਤਾਲਾਂ ਵਿੱਚ ਬੁਖਾਰ, ਖਾਂਸੀ ਅਤੇ ਜ਼ੁਕਾਮ ਤੋਂ ਪੀੜਤ ਮਰੀਜ਼ ਪਹੁੰਚ ਰਹੇ ਹਨ। ਜਿਨ੍ਹਾਂ ਨੂੰ ਲੈ ਕੇ ਨਾਗਰਿਕ ਹਸਪਤਾਲ ਵਿਭਾਗ ਅਲਰਟ ਹੋ ਗਿਆ ਹੈ। ਵਿਭਾਗ ਨੇ ਸਾਰੀਆਂ ਟੀਮਾਂ ਫੀਲਡ ਵਿੱਚ ਉਤਾਰ ਦਿੱਤੀਆਂ ਹਨ ਅਤੇ ਉਹ ਲੋਕਾਂ ਦੇ ਘਰ-ਘਰ ਜਾ ਕੇ ਸਰਵੇਖਣ ਕਰ ਰਹੇ ਹਨ।
ਸਰਵੇਖਣ ਦੌਰਾਨ ਬਿਮਾਰ ਮਿਲ ਰਹੇ ਲੋਕਾਂ ਦੇ ਖੂਨ ਦੇ ਸੈਂਪਲ ਇਕੱਠੇ ਕੀਤੇ ਜਾ ਰਹੇ ਹਨ। ਇਕੱਠੇ ਕੀਤੇ ਨਮੂਨਿਆਂ ਨੂੰ ਜਾਂਚ ਲਈ ਲੈਬ ਵਿੱਚ ਭੇਜਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਲਗਪਗ 35 ਲੋਕਾਂ ਦੇ ਖੂਨ ਦੇ ਸੈਂਪਲ ਲਏ ਗਏ ਹਨ। ਇਸ ਦੇ ਨਾਲ ਹੀ ਸਿਹਤ ਕਰਮੀਆਂ ਵੱਲੋਂ ਲੋਕਾਂ ਨੂੰ ਡੇਂਗੂ ਤੋਂ ਬਚਾਉਣ ਲਈ ਲੋਕਾਂ ਦੀਆਂ ਪਾਣੀ ਦੀਆਂ ਟੈਂਕੀਆਂ, ਕੂਲਰਾਂ ਅਤੇ ਪਾਣੀ ਖੜ੍ਹਾ ਹੋਣ ਵਾਲੀਆਂ ਥਾਵਾਂ ਦਾ ਮੁਆਇਨਾ ਕੀਤਾ ਜਾ ਰਿਹਾ ਹੈ।
ਇਸ ਸਥਿਤੀ ਵਿੱਚ ਸ਼ਹਿਰ ਵਿੱਚ ਅੱਠ ਅਤੇ ਪੂਰੇ ਜ਼ਿਲ੍ਹੇ ਤੋਂ 18 ਡੇਂਗੂ ਮਾਮਲੇ ਪਾਏ ਗਏ ਹਨ। ਸਿਹਤ ਕਰਮੀਆਂ ਵੱਲੋਂ ਸ਼ਹਿਰ ਅਤੇ ਪਿੰਡਾਂ ਵਿੱਚ ਨੁਕੜ ਸਭਾਵਾਂ ਕਰ ਕੇ ਇਨ੍ਹਾਂ ਬੀਮਾਰੀਆਂ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਡਾਕਟਰਾਂ ਨੇ ਦੱਸਿਆ ਕਿ ਮੌਸਮ ਬਦਲਣ ਤੋਂ ਬਾਅਦ ਉਲਟੀ, ਦਸਤ, ਖਾਂਸੀ, ਜ਼ੁਕਾਮ ਅਤੇ ਬੁਖ਼ਾਰ ਆਦਿ ਦੇ ਮਰੀਜ਼ ਬਹੁਤੀ ਸੰਖਿਆ ਵਿੱਚ ਆ ਰਹੇ ਹਨ। ਡਾਕਟਰਾਂ ਨੇ ਮਰੀਜ਼ਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਘਰਾਂ ਅਤੇ ਅਪਣੇ ਇਰਦ-ਗਿਰਦ ਸਫ਼ਾਈ ਦਾ ਪੂਰਾ ਧਿਆਨ ਰੱਖਣ।