ਸਿਹਤ ਮੰਤਰੀ ਵੱਲੋਂ ਹਸਪਤਾਲ ਦਾ ਦੌਰਾ
ਗੁਰੂ ਤੇਗ ਬਹਾਦਰ ਦੇ 350 ਸਾਲਾ ਸ਼ਹੀਦੀ ਦਿਹਾੜੇ ਸਬੰਧੀ ਸਮਾਰੋਹ ਵਿੱਚ ਦੇਸ਼-ਵਿਦੇਸ਼ ਤੋਂ ਆ ਰਹੀ ਸੰਗਤ ਦੀ ਸਿਹਤ ਸੁਰੱਖਿਆ ਲਈ ਸਿਹਤ ਵਿਭਾਗ ਵੱਲੋਂ ਵਿਸ਼ਾਲ ਮੈਡੀਕਲ ਪ੍ਰਬੰਧ ਪੂਰੀ ਤਰ੍ਹਾਂ ਮੁਕੰਮਲ ਕਰ ਲਏ ਗਏ ਹਨ।
ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਦਾ ਦੌਰਾ ਕਰਕੇ ਦੱਸਿਆ ਕਿ ਹਸਪਤਾਲ ਵਿੱਚ ਨਵਾਂ ਸੀ ਸੀ ਯੂ ਯੂਨਿਟ ਚਾਲੂ ਕਰ ਦਿੱਤਾ ਗਿਆ ਹੈ, ਜਿਸ ਵਿੱਚ ਵੈਂਟੀਲੇਟਰ, ਆਕਸੀਜਨ ਸਪਲਾਈ ਅਤੇ ਪੂਰਾ ਬੈਕਅਪ ਸੁਵਿਧਾ ਨਾਲ ਉਪਲਬਧ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ, ਰੂਪਨਗਰ ਅਤੇ ਕੀਰਤਪੁਰ ਸਾਹਿਬ ਵਿੱਚ 24 ਘੰਟੇ ਕ੍ਰਿਟੀਕਲ ਕੇਅਰ ਸੇਵਾਵਾਂ ਚੱਲਣਗੀਆਂ। ਇਸਦੇ ਨਾਲ ਹੀ 21 ਆਮ ਆਦਮੀ ਕਲੀਨਿਕ ਅਤੇ 19 ਖ਼ਾਸ ਮੈਡੀਕਲ ਪੋਸਟਾਂ ਨੂੰ ਟਰਾਲੀ ਸਿਟੀ, ਟੈਂਟ ਸਿਟੀ ਅਤੇ ਰਸਤੇ ਦੇ ਵਿਸ਼ੇਸ਼ ਸਥਾਨਾਂ ‘ਤੇ ਤਾਇਨਾਤ ਕੀਤਾ ਗਿਆ ਹੈ, ਜਿੱਥੇ ਬੀ ਪੀ, ਸ਼ੂਗਰ ਸਮੇਤ ਕਈ ਟੈਸਟ ਅਤੇ ਮੈਡੀਕਲ ਸਹੂਲਤਾਂ ਲਗਾਤਾਰ ਉਪਲਬਧ ਰਹਿਣਗੀਆਂ।
ਪੰਜ ਪਿਆਰਾ ਪਾਰਕ ਵਿੱਚ ਰੋਜ਼ਾਨਾ ਖੂਨਦਾਨ ਕੈਂਪ ਲਗਾਇਆ ਜਾਵੇਗਾ ਅਤੇ 25 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਇਸ ਮੁਹਿੰਮ ਵਿੱਚ ਸ਼ਾਮਲ ਹੋਣਗੇ। ਵੱਖ-ਵੱਖ ਹਸਪਤਾਲਾਂ ਤੋਂ 27 ਟੀਮਾਂ ਇਸ ਕੈਂਪ ਵਿੱਚ ਹਿੱਸਾ ਲੈਣਗੀਆਂ।
ਭਾਈ ਘਨੱਈਆ ਮਿਸ਼ਨ ਵੱਲੋਂ ਮੁਫ਼ਤ ਐਨਕਾਂ ਦਾ ਲੰਗਰ ਵੀ ਲਗਾਇਆ ਜਾ ਰਿਹਾ ਹੈ, ਜਿਸ ਅਧੀਨ ਅੱਖਾਂ ਦੀ ਜਾਂਚ ਅਤੇ ਨੇੜੇ-ਦੂਰ ਦੀਆਂ ਐਨਕਾਂ ਮੁਫ਼ਤ ਦਿੱਤੀਆਂ ਜਾਣਗੀਆਂ। ਸੇਵਾ ਵਿੱਚ ਸ਼ਾਮਲ ਹੋਣ ਲਈ 62391-76007 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਕਿਸੇ ਵੀ ਐਮਰਜੈਂਸੀ ਲਈ 98155-88342 ਹੈਲਪਲਾਈਨ 24 ਘੰਟੇ ਚਾਲੂ ਰਹੇਗੀ।
