ਸਿਹਤ ਮੰਤਰੀ ਗੰਗਵਾ ਨੇ ਮਹਾਂ ਆਰਤੀ ਕੀਤੀ
ਹਰਿਆਣਾ ਦੇ ਜਨ ਸਿਹਤ ਅਤੇ ਲੋਕ ਨਿਰਮਾਣ ਮੰਤਰੀ ਰਣਬੀਰ ਸਿੰਘ ਗੰਗਵਾ ਨੇ ਕਿਹਾ ਕਿ ਸ੍ਰੀਮਦ ਭਗਵਦ ਗੀਤਾ ਦਾ ਉਦੇਸ਼ ਪਰਮਾਤਮਾ, ਆਤਮਾ ਤੇ ਸ੍ਰਿਸ਼ਟੀ ਦੇ ਨਿਯਮਾਂ ਨੂੰ ਸਮਝਾਉਣਾ ਹੈ। ਜੀਵਨ ਦੀ ਹਰ ਸਮੱਸਿਆ ਦਾ ਹੱਲ ਗੀਤਾ ’ਚ ਮਿਲਦਾ ਹੈ। ਗੀਤਾ ਦੇ ਹਰ ਸਲੋਕ ਵਿੱਚ ਜੀਵਨ ਦੇ ਹਰ ਸਵਾਲ ਦਾ ਜਵਾਬ ਹੈ। ਕੈਬਨਿਟ ਮੰਤਰੀ ਕੱਲ੍ਹ ਦੇਰ ਸ਼ਾਮ ਬ੍ਰਹਮਸਰੋਵਰ ਪੁਰਸ਼ੋਤਮ ਪੁਰਾ ਬਾਗ ਵਿੱਚ ਗੀਤਾ ਮਹਾਂ ਆਰਤੀ ਵਿੱਚ ਮਗਰੋਂ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਦੇ ਚੀਫ਼ ਜਸਟਿਸ ਨਵੀਨ ਕਸ਼ਯਪ, ਉਨ੍ਹਾਂ ਦੀ ਪਤਨੀ ਅਨੀਤਾ ਕਸ਼ਯਪ ਅਤੇ ਹੋਰ ਪਤਵੰਤਿਆਂ ਨੇ ਪੂਜਾ ਕਰਕੇ ਮਹਾਂ ਆਰਤੀ ਦਾ ਰਸਮੀ ਉਦਘਾਟਨ ਕੀਤਾ। ਕੈਬਨਿਟ ਮੰਤਰੀ ਗੰਗਵਾ ਨੇ ਕਿਹਾ ਕਿ ਗੀਤਾ ਜੈਅੰਤੀ ਤਿਉਹਾਰ ਨੇ ਨਾ ਸਿਰਫ ਲੋਕਾਂ ਨੂੰ ਭਗਵਾਨ ਕ੍ਰਿਸ਼ਨ ਦਾ ਪਵਿੱਤਰ ਸੁਨੇਹਾ ਦਿੱਤਾ ਸਗੋਂ ਉਨ੍ਹਾਂ ਦੇ ਜੀਵਨ ਵਿਚ ਨਿਰਸਵਾਰਥ ਕਾਰਜ ਦੀ ਮਹੱਤਤਾ ਦਾ ਅਹਿਸਾਸ ਵੀ ਕਰਾਇਆ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦਾ ਉਤਸ਼ਾਹ ਖਾਸ ਕਰ ਕੇ ਇਹ ਦਰਸਾਉਂਦਾ ਹੈ ਕਿ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਅਜੇ ਵੀ ਭਗਵਦ ਗੀਤਾ ਨਾਲ ਜੁੜੀਆਂ ਹੋਈਆਂ ਹਨ। ਇਸ ਮੌਕੇ ਕੇ ਡੀ ਬੀ ਦੇ ਮੈਂਬਰ ਵਿਜੇ ਨਰੂਲਾ, ਕੈਪਟਨ ਅਮਰਜੀਤ ਸਿੰਘ, ਅਸ਼ੋਕ ਰੋਸ਼ਾ, ਡਾ. ਰਿਸ਼ੀ ਪਾਲ ਮਥਾਣਾ, ਸੌਰਭ ਚੌਧਰੀ ਸੈਣੀ ਸਮਾਜ ਸਭਾ ਦੇ ਪ੍ਰਧਾਨ ਗਰਨਾਮ ਸੈਣੀ, ਸੰਦੀਪ ਛਾਬੜਾ, ਪੰਜਾਬ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੇ ਮੁੱਖੀ ਡਾ. ਵਿਵੇਕ ਵਰਮਾ, ਸਰਬਜੀਤ ਬਾਂਸਲ ਅਤੇ ਸਚਿਨ ਗਰਗ ਆਦਿ ਮੌਜੂਦ ਸਨ।
