ਸੀ ਆਰ ਐੱਸ ਯੂਨੀਵਰਸਿਟੀ ’ਚ ਹਰਿਆਣਾ ਉਤਸਵ ਦਾ ਆਗਾਜ਼
ਚੌਧਰੀ ਰਣਵੀਰ ਸਿੰਘ ਯੂਨੀਵਰਸਿਟੀ ਵਿੱਚ ‘ਹਰਿਆਣਾ ਉਤਸਵ’ ਦਾ ਆਰੰਭ ਯੂਨੀਵਰਸਿਟੀ ਦੇ ਕੁਲਪਤੀ ਪ੍ਰੋ. ਰਾਮਪਾਲ ਸੈਣੀ ਨੇ ਕੀਤਾ। ਕਲਾਸਾਂ, ਗਲੀਆਂ ਅਤੇ ਮੰਚ ਤੋਂ ਲੈ ਕੇ ਯੂਨੀਵਰਸਿਟੀ ਦੇ ਪੰਡਾਲ ਤੱਕ ਹਰਿਆਣਵੀਂ ਲੋਕ ਰੰਗ ਅਤੇ ਉਤਸ਼ਾਹ ਦਾ ਮਾਹੌਲ ਵਿਖਾਈ ਦਿੱਤਾ। ਹਰਿਆਣਵੀਂ ਕਲਾਕਾਰਾਂ, ਜਨ ਪ੍ਰਤੀਨਿਧੀਆਂ ਅਤੇ ਭਿੰਨ-ਭਿੰਨ ਖੇਤਰਾਂ ਤੋਂ ਆਏ ਵਿਸ਼ੇਸ਼ ਮਹਿਮਾਨਾਂ ਦੀ ਹਾਜ਼ਰੀ ਨੇ ਪ੍ਰੋਗਰਾਮ ਨੂੰ ਪ੍ਰੇਰਨਾਦਾਇਕ ਬਣਾ ਦਿੱਤਾ। ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੁੰਚੇ ਡਿਪਟੀ ਸਪੀਕਰ ਡਾ. ਕ੍ਰਿਸ਼ਨ ਮਿੱਢਾ ਨੇ ਕਿਹਾ ਕਿ ਹਰਿਆਣਾ ਦੀ ਸੰਸਕ੍ਰਿਤੀ ਮਿਹਨਤ, ਮਿੱਟੀ ਅਤੇ ਮਨ ਦੀ ਸਾਦਗੀ ਦਾ ਅਫਸਾਨਾ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਹੀ ਸੱਭਿਆਚਾਰ ਦੇ ਵਾਹਕ ਹਨ ਤੇ ਅਜਿਹੇ ਪ੍ਰੋਗਰਾਮਾਂ ਤੋਂ ਉਨ੍ਹਾਂ ਵਿੱਚ ਨਵੀਂ ਊਰਜਾ ਦਾ ਸੰਚਾਰ ਹੁੰਦਾ ਹੈ। ਸ਼ਾਮ ਵੇਲੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਭਾਜਪਾ ਦੇ ਸੂਬਾਈ ਪ੍ਰਧਾਨ ਮੋਹਨ ਲਾਲ ਬੜੋਲੀ ਨੇ ਕਿਹਾ ਕਿ ਹਰਿਆਣਾ ਸਰਕਾਰ ਸੰਸਕ੍ਰਿਤੀ, ਇਤਿਹਾਸ ਅਤੇ ਪਰੰਪਰਾਵਾਂ ਨਾਲ ਨੌਜਵਾਨ ਪੀੜ੍ਹੀ ਨੂੰ ਜੋੜਨ ਲਈ ਅਨੇਕਾਂ ਯੋਜਨਾਵਾਂ ਉੱਤੇ ਕੰਮ ਕਰ ਰਹੀ ਹੈ। ਮੋਹਨ ਲਾਲ ਬੜੋਲੀ ਨੇ ਕਿਹਾ ਕਿ ਯੂਨੀਵਰਸਿਟੀ ਦੁਆਰਾ ਕਰਵਾਇਆ ਜਾ ਉਤਸਵ ਸਿਰਫ਼ ਇੱਕ ਸੱਭਿਆਚਾਰਕ ਪ੍ਰੋਗਰਾਮ ਹੀ ਨਹੀਂ ਹੈ, ਸਗੋਂ ਨੌਜਵਾਨ ਦੇ ਚਰਿਤਰ ਦੇ ਨਿਰਮਾਣ ਦੀ ਯਾਤਰਾ ਹੈ। ਹਰਿਆਣਾ ਦੀ ਪਛਾਣ ਨੂੰ ਕੌਮੀ ਮਾਨਚਿੱਤਰ ’ਤੇ ਸਥਾਪਿਤ ਕਰਨ ਵਿੱਚ ਯੂਨੀਵਰਸਿਟੀ ਮਹੱਤਵਪੂਰਨ ਭੂਮਿਕਾ ਨਿਭਾਅ ਰਹੀ ਹੈ। ਪ੍ਰੋਗਰਾਮ ਵਿੱਚ ਐੱਸ ਪੀ ਜੀਂਦ ਕੁਲਦੀਪ ਸਿੰਘ, ਸਾਬਕਾ ਸੰਸਦ ਜਨਰਲ ਡੀ ਪੀ ਬਤਸ, ਨਗਰ ਪਰਿਸ਼ਦ ਚੇਅਰ ਪਰਸਨ ਡਾ. ਅਨੁਰਾਧਾ ਸੈਣੀ, ਕੈਨੇਡਾ ਤੋਂ ਆਏ ਡਾ. ਗੁਰਿੰਦਰ ਸਿੰਘ ਹਾਂਡਾ, ਸਾਬਕਾ ਪ੍ਰਿੰਸੀਪਲ ਕੁਲਬੀਰ ਰੇਢੁ, ਐੱਮ ਐੱਨ ਕਾਲਿਜ ਸ਼ਾਹਬਾਦ ਦੇ ਸਾਬਕਾ ਲੈਕਚਰਾਰ ਡਾ. ਹਰਪਾਲ ਸਿੰਘ ਆਬਜ਼ਰਵਰ ਤੇ ਅਨੀਤਾ ਮੋਰ ਨੇ ਸ਼ਮੂਲਿਅਤ ਕੀਤੀ। ਕਲਾਕਾਰਾਂ ਨੇ ਅਪਣੀ ਪ੍ਰਸਤੁਤੀਆਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ।
