ਹਰਿਆਣਾ ਸਿੱਖ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਨੇ ਪ੍ਰਧਾਨ ਝੀਂਡਾ ਦੇ ਹੁਕਮਾਂ ’ਤੇ ਲਾਈ ਰੋਕ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਮਗਰੋਂ ਜਥੇਦਾਰ ਜਗਦੀਸ਼ ਸਿੰਘ ਝੀਂਡਾ ਪ੍ਰਧਾਨ ਬਣੇ ਸਨ। ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਰਾਮਸਰ ਕਾਲਕਾ ਅਤੇ ਜੂਨੀਅਰ ਮੀਤ ਪ੍ਰਧਾਨ ਗੁਰਬੀਰ ਸਿੰਘ ਤਲਾਕੌਰ ਬਣੇ ਸਨ। ਮਹੀਨਾ ਮਗਰੋਂ ਹੀ ਕਮੇਟੀ ਦੇ ਸੀਨੀਅਰ ਅਤੇ ਜੂਨੀਅਰ ਪ੍ਰਧਾਨਾਂ ਨੇ ਅੰਤ੍ਰਿੰਗ ਕਮੇਟੀ ਮੈਂਬਰ ਸਾਥੀਆਂ ਸਣੇ ਹਰਿਆਣਾ ਸਿੱਖ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਸੀ ਕਿ ਪ੍ਰਧਾਨ ਝੀਂਡਾ ਅੰਤ੍ਰਿੰਗ ਕਮੇਟੀ ਵਿੱਚ ਪਾਸ ਕੀਤੇ ਬਿਨਾਂ ਹੀ ਮਨਮਰਜ਼ੀ ਨਾਲ ਇਕੱਲੇ ਤੌਰ ’ਤੇ ਕਈ ਐਲਾਨ ਕਰਕੇ ਉਸ ਦੇ ਸਰਕੂਲਰ ਮੈਨੇਜਰਾਂ ਨੂੰ ਜਾਰੀ ਕਰੀ ਜਾ ਰਹੇ ਹਨ। ਜੋ ਕਿ 11 ਮੈਂਬਰੀ ਅੰਤ੍ਰਿੰਗ ਬੋਰਡ ਨੇ ਪ੍ਰਧਾਨ ਝੀਂਡਾ ਨੂੰ ਅਧਿਕਾਰ ਹੀ ਨਹੀਂ ਦਿੱਤੇ ਸਨ। ਮਗਰੋਂ ਗੁਰਦੁਆਰਾ ਜ਼ੁਡੀਸ਼ਲ ਕਮਿਸ਼ਨਰ ਦਰਸ਼ਨ ਸਿੰਘ ਨੇ ਦੋਵਾਂ ਧਿਰਾਂ ਨੂੰ ਸੁਣਨ ਉਪਰੰਤ ਪ੍ਰਧਾਨ ਝੀਂਡਾ ਦੇ ਇਕੱਲੇ ਤੌਰ ’ਤੇ ਮਨਮਰਜ਼ੀ ਨਾਲ ਕੀਤੇ ਹੁਕਮਾਂ ’ਤੇ 24 ਅਗਸਤ ਤੱਕ ਰੋਕ ਲਾ ਦਿੱਤੀ ਹੈ ਅਤੇ ਨਾਲ ਹੀ ਹੁਕਮ ਜਾਰੀ ਕੀਤਾ ਕਿ ਦੋਵੇਂ ਧਿਰਾਂ ਆਪਸ ਵਿੱਚ ਮਿਲ ਬੈਠ ਕੇ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਨਹੀਂ ਤਾਂ ਜੁਡੀਸ਼ਲ ਕਮਿਸ਼ਨ ਵੱਲੋਂ ਅਗਲੀ ਤਾਰੀਖ਼ ’ਤੇ ਫੈਸਲਾ ਕੀਤਾ ਜਾਵੇਗਾ। ਉਧਰ, ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨਾਲ ਨੇ ਕਿਹਾ ਕਿ ਉਹ ਇਸ ਮਸਲੇ ’ਤੇ ਕੋਈ ਗੱਲ ਨਹੀ ਕਰਨਗੇ। ਗੁਰਦੁਆਰਾ ਜ਼ੁਡੀਸ਼ਲ ਕਮਿਸ਼ਨਰ ਨੇ ਜੋ ਫੈਸਲਾ ਲਿਆ ਹੈ ਉਹ ਉਸ ਨੂੰ ਪ੍ਰਵਾਨ ਕਰਦੇ ਹਨ।