ਹਰਿਆਣਾ: ਸੈਣੀ ਸਰਕਾਰ ਵੱਲੋਂ ਕਿਸਾਨਾਂ ਨੂੰ ਰਾਹਤ, ਫ਼ਸਲੀ ਕਰਜ਼ੇ ਤੇ ਖੇਤੀ ਬਿਜਲੀ ਬਿਲਾਂ ਦੀ ਅਦਾਇਗੀ ’ਤੇ ਦਸੰਬਰ ਤੱਕ ਰੋਕ
Haryana Flood Relief: ਹਰਿਆਣਾ ਸਰਕਾਰ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਅੱਜ ਫਸਲੀ ਕਰਜ਼ੇ ਦੀ ਅਦਾਇਗੀ ਅਤੇ ਖੇਤੀਬਾੜੀ ਬਿਜਲੀ ਬਿੱਲਾਂ ਦੇ ਭੁਗਤਾਨ ’ਤੇ ਰੋਕ ਲਗਾਉਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਵਿੱਚ ਇਹ ਐਲਾਨ ਕੀਤਾ।
ਕਿਸਾਨਾਂ ਦੀ ਭਲਾਈ ਲਈ ਹਰਿਆਣਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਉਨ੍ਹਾਂ ਦੱਸਿਆ ਕਿ ਈ-ਮੁਆਵਜ਼ਾ ਪੋਰਟਲ ਰਾਹੀਂ ਬੁੱਧਵਾਰ ਨੂੰ 2,386 ਵਿਅਕਤੀਆਂ ਦੇ ਖਾਤਿਆਂ ਵਿੱਚ 4.72 ਕਰੋੜ ਰੁਪਏ ਦਾ ਮੁਆਵਜ਼ਾ ਟਰਾਂਸਫਰ ਕੀਤਾ ਗਿਆ।
ਇਹ ਸਹਾਇਤਾ ਉਨ੍ਹਾਂ ਲੋਕਾਂ ਨੂੰ ਪ੍ਰਦਾਨ ਕੀਤੀ ਗਈ ਹੈ ਜਿਨ੍ਹਾਂ ਦੇ ਘਰਾਂ, ਘਰੇਲੂ ਸਮਾਨ ਨੂੰ ਨੁਕਸਾਨ ਪਹੁੰਚਿਆ ਸੀ ਜਾਂ ਜਿਨ੍ਹਾਂ ਦੇ ਪਸ਼ੂ ਭਾਰੀ ਮੀਂਹ ਕਾਰਨ ਮਰ ਗਏ ਸਨ। ਇਸ ਵਿੱਚੋਂ ਘਰਾਂ ਨੂੰ ਹੋਏ ਨੁਕਸਾਨ ਲਈ 4.67 ਕਰੋੜ ਰੁਪਏ ਅਤੇ ਪਸ਼ੂਆਂ ਦੇ ਨੁਕਸਾਨ ਲਈ 4.21 ਲੱਖ ਰੁਪਏ ਦਿੱਤੇ ਗਏ ਸਨ।
ਸੈਣੀ ਨੇ ਦੱਸਿਆ ਕਿ 6,397 ਪਿੰਡਾਂ ਦੇ 5.37 ਲੱਖ ਕਿਸਾਨਾਂ ਨੇ ਫਸਲਾਂ ਦੇ ਨੁਕਸਾਨ ਦੀ ਰਿਪੋਰਟ ਕਰਨ ਲਈ ਈ-ਮੁਆਵਜ਼ਾ ਪੋਰਟਲ ’ਤੇ ਰਜਿਸਟਰ ਕੀਤਾ ਹੈ। ਤਸਦੀਕ ਤੋਂ ਬਾਅਦ ਰਾਜ ਸਰਕਾਰ ਕਿਸਾਨਾਂ ਨੂੰ ਪ੍ਰਤੀ ਏਕੜ 15,000 ਰੁਪਏ ਦਾ ਮੁਆਵਜ਼ਾ ਦੇਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਟਿਊਬਵੈੱਲ ਕੁਨੈਕਸ਼ਨਾਂ ਲਈ ਬਿਜਲੀ ਬਿੱਲਾਂ ਦੀ ਅਦਾਇਗੀ ਦਸੰਬਰ 2025 ਤੱਕ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਜਿਨ੍ਹਾਂ ਕਿਸਾਨਾਂ ਨੇ ਜੁਲਾਈ 2025 ਤੱਕ ਆਪਣੇ ਬਿੱਲਾਂ ਦਾ ਭੁਗਤਾਨ ਕਰਨਾ ਸੀ, ਉਹ ਜਨਵਰੀ 2026 ਤੱਕ ਬਿਨਾਂ ਕਿਸੇ ਸਰਚਾਰਜ ਦੇ ਉਨ੍ਹਾਂ ਦਾ ਭੁਗਤਾਨ ਕਰ ਸਕਣਗੇ।