Haryana News: ਵਿਜੀਲੈਂਸ ਵੱਲੋਂ ਕੌਂਸਲਰ ’ਤੇ 50 ਲੱਖ ਦੀ ਰਿਸ਼ਵਤ ਮੰਗਣ ਦੇ ਦੋਸ਼ ਹੇਠ ਕੇਸ
ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ, 21 ਜੂਨ
ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਨੇ ਨਗਰ ਪਾਲਿਕਾ ਚੀਕਾ ਦੇ ਵਾਰਡ 14 ਦੇ ਕੌਂਸਲਰ ਜਤਿੰਦਰ ਕੁਮਾਰ ਵਿਰੁੱਧ ਵੋਟਾਂ ਬਦਲੇ ਪੈਸੇ ਮੰਗਣ ਦਾ ਕੇਸ ਦਰਜ ਕੀਤਾ ਹੈ। ਜਤਿੰਦਰ ਕੁਮਾਰ ’ਤੇ ਨਗਰ ਪਾਲਿਕਾ ਪ੍ਰਧਾਨ ਅਤੇ ਉਪ-ਪ੍ਰਧਾਨ ਵਿਰੁੱਧ ਲਿਆਉਦੇ ਜਾਣ ਵਾਲੇ ਅਵਿਸ਼ਵਾਸ ਮਤੇ ਵਿਰੁੱਧ ਵੋਟ ਪਾਉਣ ਦੇ ਬਦਲੇ ਆਪਣੇ ਅਤੇ ਆਪਣੇ ਦੋ ਸਾਥੀ ਕੌਂਸਲਰਾਂ ਲਈ 50 ਲੱਖ ਰੁਪਏ ਦੀ ਰਿਸ਼ਵਤ ਮੰਗਣ ਦਾ ਦੋਸ਼ ਹੈ। ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਏਸੀਬੀ) ਅੰਬਾਲਾ ਨੇ ਫਿਲਹਾਲ ਜਤਿੰਦਰ ਕੁਮਾਰ ਵਿਰੁੱਧ ਕੇਸ ਦਰਜ ਕੀਤਾ ਹੈ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਚੀਕਾ ਦੀ ਹੁੱਡਾ ਕਲੋਨੀ ਵਾਸੀ ਵਿਜੈ ਕੁਮਾਰ ਨੇ ਏਸੀਬੀ ਕੋਲ ਸ਼ਿਕਾਇਤ ਦਰਜ ਕਰਵਾਈ। ਵਿਜੈ ਨੇ ਕਿਹਾ ਕਿ ਉਹ ਨਗਰ ਪਾਲਿਕਾ ਦੀ ਚੇਅਰਪਰਸਨ ਰੇਖਾ ਰਾਣੀ ਅਤੇ ਉਪ-ਚੇਅਰਪਰਸਨ ਪੂਜਾ ਸ਼ਰਮਾ ਦਾ ਭਰੋਸੇਮੰਦ ਸਾਥੀ ਹੈ। ਉਸ ਨੇ ਕਿਹਾ ਕਿ ਕੁਝ ਸਮੇਂ ਤੋਂ ਨਗਰ ਪਾਲਿਕਾ ਵਿੱਚ ਚੇਅਰਪਰਸਨ ਅਤੇ ਉਪ-ਚੇਅਰਪਰਸਨ ਵਿਰੁੱਧ ਅਵਿਸ਼ਵਾਸ ਮਤਾ ਲਿਆਉਣ ਲਈ ਚਰਚਾ ਚੱਲ ਰਹੀ ਸੀ । ਇਸ ਸੰਦਰਭ ਵਿੱਚ ਤਿੰਨ ਕੌਂਸਲਰਾਂ ਜਤਿੰਦਰ (ਵਾਰਡ 14), ਹਰੀਸ਼ ਉਰਫ਼ ਬੱਬੂ (ਵਾਰਡ 12) ਅਤੇ ਰਾਜੇਸ਼ ਠਾਕੁਰ (ਵਾਰਡ 9) ਨੇ ਉਸ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਉਹ ਅਵਿਸ਼ਵਾਸ ਮਤੇ ਵਿੱਚ ਹਿੱਸਾ ਨਹੀਂ ਲੈਣਗੇ, ਬਸ਼ਰਤੇ ਉਨ੍ਹਾਂ ਨੂੰ 50 ਲੱਖ ਰੁਪਏ ਰਿਸ਼ਵਤ ਵਜੋਂ ਦਿੱਤੇ ਜਾਣ। ਵਿਜੈ ਨੇ ਕਿਹਾ ਕਿ ਕੌਂਸਲਰਾਂ ਨੇ ਪਹਿਲਾਂ 6 ਲੱਖ ਰੁਪਏ ਮੰਗੇ ਅਤੇ ਕਿਹਾ ਕਿ ਬਾਕੀ ਰਕਮ ਬਾਅਦ ਵਿੱਚ ਲਈ ਜਾਵੇਗੀ। ਉਸ ਨੇ ਇਸ ਦੀ ਰਿਕਾਰਡਿੰਗ ਏਸੀਬੀ ਨੂੰ ਸੌਂਪ ਦਿੱਤੀ ਹੈ। ਜਾਂਚ ਅਧਿਕਾਰੀ ਇੰਸਪੈਕਟਰ ਮਹਿੰਦਰ ਸਿੰਘ ਅਨੁਸਾਰ, ਰਿਕਾਰਡਿੰਗ ਦੀ ਜਾਂਚ ਵਿੱਚ ਪਹਿਲੀ ਨਜ਼ਰੇ ਪਾਇਆ ਗਿਆ ਕਿ ਕੌਂਸਲਰ ਜਤਿੰਦਰ ਨੇ 50 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਇਸ ਤੋਂ ਬਾਅਦ 20 ਜੂਨ ਨੂੰ ਐਫਆਈਆਰ ਦਰਜ ਕੀਤੀ ਗਈ।