Haryana News: ਚੀਕਾ ਦੇ ਪ੍ਰਾਈਵੇਟ ਹਸਪਤਾਲ ’ਚ ਜਣੇਪੇ ਦੌਰਾਨ ਮਾਂ ਤੇ ਬੱਚੇ ਦੀ ਮੌਤ
ਪੁਲੀਸ ਵੱਲੋਂ ਹਸਪਤਾਲ ਦੀ ਡਾਕਟਰ ਸਣੇ ਦੋ ਖ਼ਿਲਾਫ਼ ਲਾਪ੍ਰਵਾਹੀ ਕਾਰਨ ਮੌਤ ਦਾ ਕੇਸ ਦਰਜ; ਮੁਲਜ਼ਮ ਫ਼ਰਾਰ
Advertisement
ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ, 15 ਦਸੰਬਰ
ਚੀਕਾ ਦੇ ਪ੍ਰਾਈਵੇਟ ਸਾਰਥਕ ਹਸਪਤਾਲ 'ਚ ਬੀਤੀ ਦੇਰ ਰਾਤ ਸੁਨੀਤਾ ਨਾਮੀ ਔਰਤ ਦੇ ਜਣੇਪੇ ਸਮੇਂ ਪਹਿਲਾਂ ਬੱਚੇ ਦੀ ਮੌਤ ਹੋ ਗਈ ਤੇ ਕੁਝ ਸਮੇਂ ਬਾਅਦ ਮਾਂ ਸੁਨੀਤਾ ਦੀ ਵੀ ਮੌਤ ਹੋ ਗਈ| ਸੁਨੀਤਾ ਦੇ ਪਰਿਵਾਰ ਵਾਲਿਆਂ ਨੇ ਹਸਪਤਾਲ ਦੇ ਸੰਚਾਲਕ 'ਤੇ ਲਾਪ੍ਰਵਾਹੀ ਦਾ ਦੋਸ਼ ਲਗਾਉਂਦੇ ਹੋਏ ਡਾਕਟਰ ਖਿਲਾਫ਼ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਗੁੱਸੇ ਵਿਚ ਆਏ ਪਰਿਵਾਰ ਦੇ ਲੋਕਾਂ ਵੱਲੋਂ ਹਸਪਤਾਲ ਵਿਚ ਭੰਨ-ਤੋੜ ਕੀਤੇ ਜਾਣ ਦੀ ਵੀ ਖ਼ਬਰ ਹੈ।
ਸੁਨੀਤਾ ਦੇ ਪਿਤਾ ਸੁਖਾ ਰਾਮ ਅਤੇ ਭਰਾ ਜੀਤ ਰਾਮ ਨੇ ਇਸ ਚੀਕਾ ਥਾਣਾ ਪੁਲੀਸ ’ਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲੀਸ ਨੇ ਉਨ੍ਹਾਂ ਦੀ ਸ਼ਿਕਾਇਤ ਉਤੇ ਹਸਪਤਾਲ ਦੀ ਡਾਕਟਰ ਅਨੂ ਸਿੰਘ ਅਤੇ ਉਸ ਦੀ ਸਹਾਇਕ ਸੱਤਿਆ ਦੇਵੀ ਖ਼ਿਲਾਫ਼ ਬੀਐਨਐਸ ਦੀ ਧਾਰ 106 ਤਹਿਤ ਕੇਸ ਦਰਜ ਕਰ ਲਿਆ ਹੈ। ਘਟਨਾ ਤੋਂ ਬਾਅਦ ਮੁਲਜ਼ਮ ਹਸਪਤਾਲ ਛੱਡ ਕੇ ਫ਼ਰਾਰ ਹੋ ਗਏ ਹਨ, ਜਿਨ੍ਹਾਂ ਦੀ ਪੁਲੀਸ ਵੱਲੋਂ ਭਾਲ ਆਰੰਭ ਦਿੱਤੀ ਗਈ ਹੈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਸ਼ਨਿੱਚਰਵਾਰ ਸਵੇਰੇ ਕਰੀਬ 11 ਵਜੇ ਸੁਨੀਤਾ ਨੂੰ ਜਣੇਪੇ ਲਈ ਸਾਰਥਕ ਹਸਪਤਾਲ ਲੈ ਕੇ ਆਏ ਸਨ। ਇਸ ਦੌਰਾਨ ਕਰੀਬ 3-4 ਘੰਟੇ ਡਾਕਟਰ ਅਤੇ ਸਟਾਫ਼ ਵੱਲੋਂ ਲਾਏ ਗਏ ਜ਼ੋਰ ਕਾਰਨ ਬੱਚੇ ਦੀ ਜਨਮ ਤੋਂ ਪਹਿਲਾਂ ਹੀ ਮੌਤ ਹੋ ਗਈ। ਉਸ ਸਮੇਂ ਵੀ ਡਾਕਟਰ ਨੇ ਮਾਮਲੇ ਦੀ ਨਜ਼ਾਕਤ ਨੂੰ ਨਹੀਂ ਸਮਝਿਆ ਅਤੇ ਅਗਲੇ 24 ਘੰਟਿਆਂ ਤੱਕ ਬੱਚੇ ਦੇ ਠੀਕ ਹੋਣ ਦਾ ਭਰੋਸਾ ਦਿੰਦੇ ਰਹੇ। ਇਸ ਤੋਂ ਬਾਅਦ ਜਦੋਂ ਔਰਤ ਦਾ ਬਹੁਤ ਜ਼ਿਆਦਾ ਖੂਨ ਵਹਿਣ ਲੱਗਾ ਤਾਂ ਡਾਕਟਰ ਨੇ ਉਸ ਨੂੰ ਆਪਣੇ ਜਾਣਕਾਰ ਹਸਪਤਾਲ ਰੈਫਰ ਕਰ ਦਿੱਤਾ।
ਇਸ ਦੌਰਾਨ ਔਰਤ ਦਾ ਇੰਨਾ ਖੂਨ ਵਹਿ ਗਿਆ ਕਿ ਪਟਿਆਲਾ ਦੇ ਨਿੱਜੀ ਹਸਪਤਾਲ ਲਿਜਾਏ ਜਾਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਉਹ ਮ੍ਰਿਤਕਾ ਦੀ ਲਾਸ਼ ਲੈ ਕੇ ਸਬੰਧਤ ਹਸਪਤਾਲ ਪੁੱਜੇ ਅਤੇ ਡਾਕਟਰ ’ਤੇ ਲਾਪਰਵਾਹੀ ਦਾ ਦੋਸ਼ ਲਾਇਆ ਤਾਂ ਡਾਕਟਰ ਸਟਾਫ ਸਮੇਤ ਉਥੋਂ ਭੱਜ ਗਈ। ਗੁੱਸੇ ਵਿੱਚ ਆਏ ਪਰਿਵਾਰ ਦੇ ਲੋਕਾਂ ਨੇ ਹਸਪਤਾਲ ਵਿੱਚ ਤੋੜ-ਫੋੜ ਵੀ ਕੀਤੀ। ਅੱਜ ਜਦੋਂ ਹਸਪਤਾਲ ਦੇ ਡਾਕਟਰਾਂ ਨਾਲ ਗੱਲ ਕਰਨ ਲਈ ਹਸਪਤਾਲ ਦਾ ਦੌਰਾ ਕੀਤਾ ਗਿਆ ਤਾਂ ਉਥੇ ਹਸਪਤਾਲ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟੇ ਹੋਏ ਸਨ ਅਤੇ ਹਸਪਤਾਲ ਵਿਚ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ।
ਥਾਣਾ ਚੀਕਾ ਦੇ ਇੰਚਾਰਜ ਸਬ-ਇੰਸਪੈਕਟਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਇਸ ਐਫ਼ਆਈਆਰ ਦਰਜ ਕਰ ਲਈ ਗਈ ਹੈ। ਸੁਨੀਤਾ ਅਤੇ ਉਸਦੇ ਬੱਚੇ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਲਾਸ਼ਾਂ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।
Advertisement
Advertisement