Haryana News ਸਾਬਕਾ ਮੰਤਰੀ ਸਤਪਾਲ ਸਾਂਗਵਾਨ ਦਾ ਦੇਹਾਂਤ, ਅੱਜ ਚੰਦੇਨੀ ਵਿਚ ਹੋਵੇਗਾ ਅੰਤਿਮ ਸੰਸਕਾਰ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਮਾਰਚ
Satpal Sangwan: ਹਰਿਆਣਾ ਦੀ ਸਿਆਸਤ ਵਿਚ ਅਹਿਮ ਥਾਂ ਰੱਖਣ ਵਾਲੇ ਸਾਬਕਾ ਮੰਤਰੀ ਸਤਪਾਲ ਸਾਂਗਵਾਨ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿਚ ਆਖਰੀ ਸਾਹ ਲਿਆ। ਸਾਂਗਵਾਨ ਲੰਮੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਲੱਗਦੇ ਹੀ ਉਨ੍ਹਾਂ ਦੇ ਹਮਾਇਤੀਆਂ ਤੇ ਸਥਾਨਕ ਲੋਕਾਂ ਵਿਚ ਸੋਗ ਦੀ ਲਹਿਰ ਹੈ।
ਸਤਪਾਲ ਸਾਂਗਵਾਨ ਭਾਜਪਾ ਵਿਧਾਇਕ ਸੁਨੀਲ ਸਾਂਗਵਾਨ ਦੇ ਪਿਤਾ ਹਨ। ਉਹ ਸਾਲ 1996 ਤੇ 2009 ਵਿਚ ਦੋ ਵਾਰ ਦਾਦਰੀ ਤੋਂ ਵਿਧਾਇਕ ਬਣੇ। ਇਸ ਤੋਂ ਇਲਾਵਾ ਉਹ 6 ਵਾਰ ਦਾਦਰੀ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਚੁੱਕੇ ਹਨ। ਉਹ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿਚ ਸਹਿਕਾਰਤਾ ਮੰਤਰੀ ਵੀ ਰਹੇ ਸਨ। ਉਨ੍ਹਾਂ ਦੀ ਮ੍ਰਿਤਕ ਦੇਹ ਸਵੇਰੇ 9 ਵਜੇ ਤੋਂ ਦਾਦਰੀ ਨਿਵਾਸ ’ਤੇ ਅੰਤਿਮ ਦਰਸ਼ਨਾਂ ਲਈ ਰੱਖੀ ਗਈ ਹੈ। ਦੁਪਹਿਰ ਬਾਅਦ ਉਨ੍ਹਾਂ ਦੇ ਪਿੱਤਰੀ ਪਿੰਡ ਚੰਦੇਨੀ ਵਿਚ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਨ੍ਹਾਂ ਦੇ ਦੇਹਾਂਤ ਦਾ ਪਤਾ ਲੱਗਦੇ ਹੀ ਵੱਡੀ ਗਿਣਤੀ ਵਿਚ ਸਿਆਸੀ ਤੇ ਸਮਾਜਿਕ ਸ਼ਖ਼ਸੀਅਤਾਂ ਉਨ੍ਹਾਂ ਦੇ ਘਰ ਪਹੁੰਚ ਰਹੀਆਂ ਹਨ।