Haryana News: ਬਾਰ੍ਹਵੀਂ ਦੀ ਪ੍ਰੀਖਿਆ ਵਿੱਚ ਨਕਲ ਮਾਰਨ ਦੇ ਦੋਸ਼ ਹੇਠ 37 ਕਾਬੂ
ਗੁਰਦੀਪ ਸਿੰਘ ਭੱਟੀ
ਟੋਹਾਣਾ, 27 ਮਾਰਚ
ਹਰਿਆਣਾ ਸਿੱਖਿਆ ਬੋਰਡ ਦੀ ਬਾਰ੍ਹਵੀਂ ਜਮਾਤ ਦੇ ਹਿੰਦੀ ਪੇਪਰ ਦੀ ਸਾਲਾਨਾ ਪ੍ਰੀਖਿਆ ਵਿੱਚ 37 ਨਕਲ ਦੇ ਮਾਮਲੇ ਦਰਜ ਕੀਤੇ ਗਏ ਹਨ। ਬੋਰਡ ਅਧਿਕਾਰੀਆਂ ਨੇ ਸਖ਼ਤ ਕਾਰਵਾਈ ਕਰਦੇ ਹੋਏ ਸਾਲਾਨਾ ਪ੍ਰੀਖਿਆ ਵਿੱਚ 20 ਕਰਮਚਾਰੀਆਂ ਨੂੰ ਡਿਊਟੀ ਤੋਂ ਹਟਾ ਦਿੱਤਾ ਹੈ। ਤਾਵੜੂ ਦੇ ਪ੍ਰੀਖਿਆ ਕੇਂਦਰ 10 ਦੀ ਪ੍ਰੀਖਿਆ ਰੱਦ ਕਰ ਦਿੱਤੀ ਗਈ ਹੈ। ਬੋਰਡ ਪ੍ਰਧਾਨ ਪਵਨ ਕੁਮਾਰ ਨੇ ਦੱਸਿਆ ਕਿ ਜੂਈ ਖ਼ੁਰਦ ਵਿੱਚ ਨਕਲ ਦੇ ਤਿੰਨ ਕੇਸ, ਨੂੰਹ ਦੇ ਕੇਂਦਰਾਂ ਵਿੱਚ 6 ਕੇਸ, ਤਾਵੜੂ ਵਿੱਚ 14 ਕੇਸ, ਛਿਛਡਾਨਾ ਵਿੱਚ ਇਕ ਕੇਸ ਦਰਜ ਕੀਤਾ ਗਿਆ ਹੈ। ਨਿਗਰਾਨ ਜੋਤੀ ਸ਼ਰਮਾ ਨੂੰ ਡਿਊਟੀ ਤੋ ਹਟਾਇਆ ਗਿਆ ਹੈ। ਚਿੜਾਨ ਦੇ ਦੋ ਕਰਮਚਾਰੀ ਨਕਲ ਦੀ ਪਰਚੀਆਂ ਕਾਰ ਵਿੱਚ ਬੈਠ ਕੇ ਤਿਆਰ ਕਰਦੇ ਕਾਬੂ ਕੀਤੇ ਗਏ। ਜੀਂਦ ਵਿੱਚ 5 ਨਕਲਚੀ ਫੜੇ ਗਏ, ਉਝਾਨਾ ਦੇ ਸਕੂਲ ਵਿੱਚ ਨਕਲ ਮਾਰਨ ਦੇ ਦੋਸ਼ ਹੇਠ ਪੰਜ ਜਣੇ ਕਾਬੂ ਕੀਤੇ ਗਏ। ਡੀਏਵੀ ਯਮੁਨਾਨਗਰ ਵਿਚ ਚਲ ਰਹੇ ਇਮਤਿਹਾਨ ਵਿੱਚ ਇਕ ਲੜਕੀ ਵੱਲੋਂ ਨਕਲ ਕਰਨ ’ਤੇ ਉਸ ਦੀਆਂ ਉਤਰ ਪੱਤਰੀਆਂ ਸੀਲ ਕਰ ਦਿੱਤੀਆਂ ਗਈਆਂ ਹਨ।