ਹਰਿਆਣਾ ਦੇ ਮੰਤਰੀ ਵਿੱਜ ਦੀ ਪੁਲੀਸ ਅਧਿਕਾਰੀ ਨਾਲ ਤਕਰਾਰ
ਹਰਿਆਣਾ ਦੇ ਕੈਥਲ ਵਿੱਚ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਅਨਿਲ ਵਿੱਜ ਦੀ ਇੱਕ ਪੁਲੀਸ ਅਧਿਕਾਰੀ ਨਾਲ ਤਕਰਾਰ ਹੋ ਗਈ, ਕਿਉਂਕਿ ਉਸ 'ਤੇ ਸੂਬੇ ਦੇ ਮੰਤਰੀ ਦੇ ਨਿਰਦੇਸ਼ਾਂ ਨੂੰ ਨਜ਼ਰਅੰਦਾਜ਼ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ।
ਸ਼ੁੱਕਰਵਾਰ ਨੂੰ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਵਿੱਜ ਅਤੇ ਪੁਲੀਸ ਅਧਿਕਾਰੀ ਦਰਮਿਆਨ ਕਈ ਮਿੰਟਾਂ ਤੱਕ ਜ਼ੋਰਦਾਰ ਸ਼ਬਦੀ ਅਦਾਨ-ਪ੍ਰਦਾਨ ਹੋਇਆ।
ਟਰਾਂਸਪੋਰਟ, ਊਰਜਾ ਅਤੇ ਕਿਰਤ ਮੰਤਰੀ ਨੇ ਇਲਜ਼ਾਮ ਲਾਇਆ ਕਿ ਪੁਲੀਸ ਅਧਿਕਾਰੀ ਨੇ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਜ਼ੀਰੋ ਐੱਫ.ਆਈ.ਆਰ. (Zero FIR) ਦਰਜ ਕਰਨ ਦੇ ਉਨ੍ਹਾਂ ਦੇ ਪਿਛਲੇ ਨਿਰਦੇਸ਼ ਨੂੰ ਨਜ਼ਰਅੰਦਾਜ਼ ਕੀਤਾ ਸੀ। ਜ਼ੀਰੋ ਐੱਫ.ਆਈ.ਆਰ. ਕਿਸੇ ਵੀ ਪੁਲੀਸ ਸਟੇਸ਼ਨ ਵੱਲੋਂ ਦਰਜ ਕੀਤੀ ਜਾ ਸਕਦੀ ਹੈ, ਭਾਵੇਂ ਉਹ ਕਿਸੇ ਵੀ ਅਧਿਕਾਰ ਖੇਤਰ (jurisdiction) ਵਿੱਚ ਆਉਂਦਾ ਹੋਵੇ।
ਮੀਟਿੰਗ ਵਿੱਚ ਵਿੱਜ ਨੇ ਇੱਕ ਪੁਲੀਸ ਅਧਿਕਾਰੀ ਵੱਲ ਇਸ਼ਾਰਾ ਕਰਦੇ ਹੋਏ, ਉਸ ਨੂੰ ਵਾਰ-ਵਾਰ ਪੁੱਛਿਆ ਕਿ ਉਸ ਦੀਆਂ ਹਦਾਇਤਾਂ ’ਤੇ ਧਿਆਨ ਕਿਉਂ ਨਹੀਂ ਦਿੱਤਾ ਗਿਆ। ਮੰਤਰੀ ਇਸ ਮੁੱਦੇ 'ਤੇ ਸੁਪਰਡੈਂਟ ਆਫ਼ ਪੁਲੀਸ (ਐਸ.ਪੀ.) ’ਤੇ ਵੀ ਗੁੱਸੇ ਹੋ ਗਏ। ਵਿੱਜ ਨੇ ਐਸ.ਪੀ. ਨੂੰ ਕਿਹਾ, "ਇਹ ਮੇਰੇ ਹੁਕਮ ਹਨ; ਮੇਰੇ ਹੁਕਮਾਂ ਦੀ ਅਣਦੇਖੀ ਕਿਵੇਂ ਕੀਤੀ ਜਾ ਸਕਦੀ ਹੈ?"
ਉਨ੍ਹਾਂ ਦਾਅਵਾ ਕੀਤਾ ਕਿ ਇਹ ਮਾਮਲਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਸਾਹਮਣੇ ਆਇਆ, ਕਿਉਂਕਿ ਪੁਲੀਸ ਨੇ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਸੀ।
ਕਮਰੇ ਵਿੱਚ ਮੌਜੂਦ ਦੂਜੇ ਪੁਲਿਸ ਅਧਿਕਾਰੀ, ਜਿਨ੍ਹਾਂ 'ਤੇ ਵਿੱਜ ਆਪਣੇ ਨਿਰਦੇਸ਼ ਵੱਲ ਧਿਆਨ ਨਾ ਦੇਣ ਲਈ ਗੁੱਸੇ ਹੋਏ ਸਨ, ਨੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਸ਼ਿਕਾਇਤ ਵਿੱਚ ਪ੍ਰਕਿਰਿਆ ਦੀ ਪਾਲਣਾ ਕੀਤੀ ਜਾ ਰਹੀ ਹੈ। ਪੁਲੀਸ ਅਧਿਕਾਰੀ ਨੇ ਵਿੱਜ ਨੂੰ ਦੱਸਿਆ ਕਿ ਸ਼ਿਕਾਇਤਕਰਤਾ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਆਪਣੀ ਸ਼ਿਕਾਇਤ ਚੰਡੀਗੜ੍ਹ ਵਿੱਚ ਅੱਗੇ ਵਧਾਉਣਾ ਚਾਹੁੰਦਾ ਹੈ ਅਤੇ ਉਸ ਨੇ ਕੈਥਲ ਪੁਲੀਸ ਨੂੰ ਇਹ ਇਰਾਦਾ ਜ਼ਾਹਰ ਕੀਤਾ ਸੀ।
ਵਿੱਜ ਨੇ ਪੁਲੀਸ ਅਧਿਕਾਰੀ ਨੂੰ ਕਿਹਾ, "ਕੀ ਸ਼ਿਕਾਇਤਕਰਤਾ ਨੇ ਤੁਹਾਨੂੰ ਇਹ ਲਿਖਤੀ ਰੂਪ ਵਿੱਚ ਦਿੱਤਾ ਹੈ? ਮੈਨੂੰ ਦਿਖਾਓ," ਜਿਸ ਤੋਂ ਬਾਅਦ ਮੰਤਰੀ ਨੇ ਸ਼ਿਕਾਇਤਕਰਤਾ ਨਾਲ ਫ਼ੋਨ 'ਤੇ ਗੱਲ ਕੀਤੀ।
ਸ਼ਿਕਾਇਤਕਰਤਾ ਨਾਲ ਗੱਲ ਕਰਨ ਤੋਂ ਬਾਅਦ, ਵਿੱਜ ਨੇ ਪੁਲੀਸ ਅਧਿਕਾਰੀ ਨੂੰ ਦੱਸਿਆ ਕਿ ਸ਼ਿਕਾਇਤਕਰਤਾ ਚਾਹੁੰਦਾ ਹੈ ਕਿ ਕੈਥਲ ਪੁਲੀਸ ਕੇਸ ਦਰਜ ਕਰੇ ਅਤੇ ਉਸ ਨੇ ਦੋਸ਼ ਲਾਇਆ ਹੈ ਕਿ ਪੁਲੀਸ ਉਸ ਦੀ ਸ਼ਿਕਾਇਤ 'ਤੇ ਕਾਰਵਾਈ ਨਹੀਂ ਕਰ ਰਹੀ ਹੈ, ਅਤੇ ਕਾਫ਼ੀ ਸਮਾਂ ਬੀਤ ਚੁੱਕਾ ਹੈ।
ਇਸ ਤੋਂ ਬਾਅਦ, ਵੀਡੀਓ ਵਿੱਚ ਪੁਲਿਸ ਅਧਿਕਾਰੀ ਵਿੱਜ ਨੂੰ ਕਹਿੰਦੇ ਹੋਏ ਦਿਖਾਈ ਦਿੱਤੇ, "ਸਰ, ਤੁਸੀਂ ਇਨਸਾਫ਼ ਨਹੀਂ ਕਰ ਰਹੇ ਹੋ।" ਇਸ 'ਤੇ ਮੰਤਰੀ ਨੇ ਜ਼ੋਰ ਦੇ ਕੇ ਕਿਹਾ, "ਮੈਂ ਇਨਸਾਫ਼ ਕਰ ਰਿਹਾ ਹਾਂ।" ਪਰ ਪੁਲਿਸ ਅਧਿਕਾਰੀ ਨੇ ਉਨ੍ਹਾਂ ਨੂੰ ਕਿਹਾ, "ਤੁਸੀਂ ਮੇਰਾ ਕਰੀਅਰ ਖਰਾਬ ਕਰ ਰਹੇ ਹੋ। ਮੈਂ ਇਸ ਲਈ ਜ਼ਿੰਮੇਵਾਰ ਨਹੀਂ ਹਾਂ (ਜਿਵੇਂ ਕਿ ਦੋਸ਼ ਲਗਾਇਆ ਜਾ ਰਿਹਾ ਹੈ, ਸ਼ਿਕਾਇਤ ਦਰਜ ਨਾ ਕਰਨ ਲਈ)।”
ਪੁਲੀਸ ਅਧਿਕਾਰੀ ਨੇ ਆਪਣੇ ਬਚਾਅ ਵਿੱਚ ਕਿਹਾ, "ਮੈਂ ਤੁਹਾਡਾ ਸਤਿਕਾਰ ਕਰਦਾ ਹਾਂ। ਤੁਸੀਂ ਕਿਸੇ ਤੋਂ ਵੀ ਮੇਰੇ ਬਾਰੇ ਪੁੱਛ ਸਕਦੇ ਹੋ। ਇਸ ਪੂਰੇ ਮਾਮਲੇ ਵਿੱਚ ਮੇਰਾ ਕੋਈ ਕਸੂਰ ਨਹੀਂ ਹੈ।’’ ਉਸ ਨੇ ਦਲੀਲ ਦਿੱਤੀ, ‘‘ਜੇਕਰ ਇਸ ਸੂਬੇ ਦੇ ਸਭ ਤੋਂ ਸ਼ਕਤੀਸ਼ਾਲੀ ਮੰਤਰੀ ਨੇ ਕੋਈ ਨਿਰਦੇਸ਼ ਦਿੱਤਾ, ਤਾਂ ਕੋਈ ਵੀ ਤੁਰੰਤ ਹੁਕਮਾਂ 'ਤੇ ਧਿਆਨ ਦੇਵੇਗਾ।’’ ਹਾਲਾਂਕਿ, ਵਿੱਜ ਨੇ ਇਸ਼ਾਰਾ ਕਰਦੇ ਹੋਏ ਕਿਹਾ, "ਪਰ ਤੁਸੀਂ ਕੇਸ ਦਰਜ ਨਹੀਂ ਕੀਤਾ। ਮੈਂ ਤੁਹਾਨੂੰ ਕੇਸ ਦਰਜ ਕਰਨ ਲਈ ਕਿਹਾ ਸੀ। ਇਸ ਮੀਟਿੰਗ ਦੇ ਖਤਮ ਹੋਣ ਤੋਂ ਪਹਿਲਾਂ ਐੱਫ.ਆਈ.ਆਰ. ਦਰਜ ਕਰੋ; ਨਹੀਂ ਤਾਂ, ਮੈਂ ਤੁਹਾਨੂੰ ਮੁਅੱਤਲ ਕਰ ਦੇਵਾਂਗਾ।"
ਮੀਟਿੰਗ ਦੌਰਾਨ, ਵਿੱਜ ਨੇ ਕਈ ਹੋਰ ਮਾਮਲਿਆਂ ਵਿੱਚ ਵੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ।
