Haryana MC polling ਛੇ ਵਜੇ ਤੱਕ 45.07 ਫੀਸਦ ਪੋਲਿੰਗ
ਚੰਡੀਗੜ੍ਹ, 2 ਮਾਰਚ
Haryana MC polling ਹਰਿਆਣਾ ਵਿਚ ਮੇਅਰਾਂ ਤੇ ਵਾਰਡ ਮੈਂਬਰਾਂ ਦੀ ਚੋਣ ਲਈ ਸੱਤ ਨਿਗਰ ਨਿਗਮਾਂ, ਪੰਜ ਨਗਰ ਕੌਂਸਲਾਂ ਤੇ 23 ਨਗਰ ਪਾਲਿਕਾਵਾਂ ਲਈ ਵੋਟਿੰਗ ਦਾ ਅਮਲ ਸਮਾਪਤ ਹੋ ਗਿਆ। ਚੋਣ ਕਮਿਸਨ ਅਨੁੁਸਾਰ ਸ਼ਾਮ ਛੇ ਵਜੇ ਤੱਕ ਕੁੱਲ 51 ਲੱਖ ਯੋਗ ਵੋਟਰਾਂ ਵਿਚੋਂ 47.07 ਫੀਸਦ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ ਜੋ ਸ਼ਾਮ 6 ਵਜੇ ਤੱਕ ਜਾਰੀ ਰਹੀ। ਪਾਣੀਪਤ ਨਗਰ ਨਿਗਮ ਲਈ ਵੋਟਾਂ 9 ਮਾਰਚ ਨੂੰ ਪੈਣਗੀਆਂ। ਚੋਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ, ਵੋਟਾਂ ਦੀ ਗਿਣਤੀ 12 ਮਾਰਚ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ ਅਤੇ ਨਤੀਜੇ ਉਸੇ ਦਿਨ ਐਲਾਨੇ ਜਾਣਗੇ।
ਜਿਨ੍ਹਾਂ ਸੱਤ ਨਗਰ ਨਿਗਮਾਂ ਲਈ ਵੋਟਾਂ ਪੈ ਰਹੀਆਂ ਹਨ, ਉਨ੍ਹਾਂ ਵਿਚ ਗੁਰੂਗ੍ਰਾਮ, ਮਾਨੇਸਰ, ਫਰੀਦਾਬਾਦ, ਹਿਸਾਰ, ਰੋਹਤਕ, ਕਰਨਾਲ ਤੇ ਯਮੁਨਾਨਗਰ ਸ਼ਾਮਲ ਹਨ। ਨਿਗਮ ਚੋਣਾਂ ਦੇ ਨਾਲ ਹੀ ਅੰਬਾਲਾ ਤੇ ਸੋਨੀਪਤ ਨਗਰ ਨਿਗਮਾਂ ਵਿਚ ਮੇਅਰ ਦੀ ਚੋਣ ਲਈ ਵੀ ਜ਼ਿਮਨੀ ਚੋਣ ਹੋ ਰਹੀ ਹੈ। ਅੰਬਾਲਾ ਸਦਰ, ਪਟੌਦੀ ਜਤੋਲੀ ਮੰਡੀ, ਥਾਨੇਸਰ ਤੇ ਸਿਰਸਾ ਚਾਰ ਨਗਰ ਕੌਂਸਲਾਂ ਦੇ ਪ੍ਰਧਾਨਾਂ ਤੇ ਸਾਰੇ ਵਾਰਡ ਮੈਂਬਰਾਂ ਲਈ ਵੀ ਵੋਟਿੰਗ ਜਾਰੀ ਹੈ। ਜ਼ਿਲ੍ਹਾ ਗੁਰੂਗ੍ਰਾਮ ਦੀ ਸੋਹਨਾ ਨਗਰ ਕੌਂਸਲ ਦੇ ਪ੍ਰਧਾਨ ਦੀ ਜ਼ਿਮਨੀ ਚੋਣ ਲਈ ਵੀ ਅੱਜ ਹੀ ਵੋਟਾਂ ਪੈ ਰਹੀਆਂ ਹਨ।
21 ਨਗਰ ਪਾਲਿਕਾ ਕਮੇਟੀਆਂ ਵਿੱਚ ਪ੍ਰਧਾਨਾਂ ਅਤੇ ਸਾਰੇ ਵਾਰਡ ਮੈਂਬਰਾਂ ਦੀ ਚੋਣ ਲਈ ਵੀ ਵੋਟਿੰਗ ਹੋ ਰਹੀ ਹੈ। ਅਸੰਧ (ਕਰਨਾਲ ਜ਼ਿਲ੍ਹਾ) ਅਤੇ ਇਸਮਾਈਲਾਬਾਦ (ਕੁਰੂਕਸ਼ੇਤਰ ਜ਼ਿਲ੍ਹਾ) ਨਗਰ ਪਾਲਿਕਾ ਕਮੇਟੀ ਵਿੱਚ ਪ੍ਰਧਾਨ ਦੇ ਅਹੁਦੇ ਲਈ ਜ਼ਿਮਨੀ ਹੋ ਰਹੀਆਂ ਹਨ।
ਸ਼ੁਰੂਆਤੀ ਵੋਟਰਾਂ ਵਿੱਚ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਵੀ ਸ਼ਾਮਲ ਹਨ, ਜਿਨ੍ਹਾਂ ਨੇ ਕਰਨਾਲ ਦੇ ਇੱਕ ਪੋਲਿੰਗ ਬੂਥ ’ਤੇ ਆਪਣੀ ਵੋਟ ਪਾਈ। ਖੱਟਰ ਨੇ ਪੋਲਿੰਗ ਬੂਥ ਤੋਂ ਬਾਹਰ ਆ ਕੇ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵੋਟ ਪਾਉਣਾ ਸਾਡਾ ਜਮਹੂਰੀ ਹੱਕ ਹੈ ਅਤੇ ਇਸ ਹੱਕ ਦੀ ਵਰਤੋਂ ਕਰਨਾ ਸਾਡਾ ਫ਼ਰਜ਼ ਵੀ ਹੈ।
ਹਰਿਆਣਾ ਰਾਜ ਚੋਣ ਕਮਿਸ਼ਨਰ ਧਨਪਤ ਸਿੰਘ ਨੇ ਕਿਹਾ ਕਿ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪਾਲਿਕਾ ਦੀਆਂ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਲਈ ਸੁਰੱਖਿਆ ਨੂੰ ਲੈ ਕੇ ਵਿਆਪਕ ਪ੍ਰਬੰਧ ਕੀਤੇ ਗਏ ਹਨ। ਸਿੰਘ ਨੇ ਕਿਹਾ ਕਿ ਨੌਂ ਨਗਰ ਨਿਗਮਾਂ ਵਿੱਚ ਮੇਅਰ ਦੇ ਅਹੁਦਿਆਂ ਲਈ 39 ਉਮੀਦਵਾਰ ਚੋਣ ਲੜ ਰਹੇ ਹਨ। ਇਸੇ ਤਰ੍ਹਾਂ ਪੰਜ ਨਗਰ ਕੌਂਸਲਾਂ ਵਿੱਚ ਪ੍ਰਧਾਨ ਦੇ ਅਹੁਦਿਆਂ ਲਈ 27 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਦੋਂਕਿ 23 ਨਗਰ ਪਾਲਿਕਾ ਕਮੇਟੀਆਂ ਵਿੱਚ ਪ੍ਰਧਾਨ ਦੇ ਅਹੁਦਿਆਂ ਲਈ ਕੁੱਲ 151 ਉਮੀਦਵਾਰ ਚੋਣ ਲੜ ਰਹੇ ਹਨ।
ਕੁਝ ਵਾਰਡਾਂ ਵਿੱਚ, ਸਿਰਫ਼ ਇੱਕ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ, ਜਿਸ ਕਾਰਨ ਉਨ੍ਹਾਂ ਨੂੰ ਬਿਨਾਂ ਮੁਕਾਬਲਾ ਜੇਤੂ ਐਲਾਨ ਦਿੱਤਾ ਗਿਆ ਹੈ। ਅਜਿਹੇ ਵਾਰਡਾਂ ਨਗਰ ਨਿਗਮ, ਫਰੀਦਾਬਾਦ ਦਾ ਵਾਰਡ ਨੰਬਰ 36, ਨਗਰ ਨਿਗਮ, ਗੁਰੂਗ੍ਰਾਮ ਦਾ ਵਾਰਡ ਨੰਬਰ 22, ਨਗਰ ਨਿਗਮ ਕਰਨਾਲ ਦਾ ਵਾਰਡ ਨੰਬਰ 8 ਅਤੇ 11 ਅਤੇ ਨਗਰ ਨਿਗਮ ਯਮੁਨਾਨਗਰ ਦਾ ਵਾਰਡ ਨੰਬਰ 9 ਸ਼ਾਮਲ ਹਨ।
ਇਸੇ ਤਰ੍ਹਾਂ ਨਗਰ ਪ੍ਰੀਸ਼ਦ, ਅੰਬਾਲਾ ਸਦਰ ਦੇ ਵਾਰਡ ਨੰਬਰ 24, ਨਗਰ ਪ੍ਰੀਸ਼ਦ ਥਾਨੇਸਰ ਦੇ ਵਾਰਡ ਨੰਬਰ 7 ਅਤੇ 32 ਵਿੱਚ ਵੀ ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਗਏ ਹਨ। ਇਸ ਤੋਂ ਇਲਾਵਾ ਵੱਖ-ਵੱਖ ਨਗਰ ਕਮੇਟੀਆਂ ਵਿੱਚ 17 ਵਾਰਡ ਮੈਂਬਰ ਬਿਨਾਂ ਮੁਕਾਬਲਾ ਚੁਣੇ ਗਏ ਹਨ। ਵੋਟਾਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਰਾਹੀਂ ਪਾਈਆਂ ਜਾ ਰਹੀਆਂ ਹਨ।
ਇਸ ਤੋਂ ਪਹਿਲਾਂ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਭਰੋਸਾ ਜਤਾਇਆ ਸੀ ਕਿ ਭਾਜਪਾ ਨਗਰ ਨਿਗਮ ਚੋਣਾਂ ਜਿੱਤੇਗੀ ਅਤੇ ‘ਟ੍ਰਿਪਲ-ਇੰਜਣ’ ਸਰਕਾਰ ਬਣਨ ਤੋਂ ਬਾਅਦ ਕੰਮ ਤਿੰਨ ਗੁਣਾ ਤੇਜ਼ੀ ਨਾਲ ਕੀਤਾ ਜਾਵੇਗਾ। ਕਾਂਗਰਸ ਨੇ ਵੋਟਰਾਂ ਨੂੰ ਪਾਰਟੀ ਲਈ ਪੂਰਨ ਬਹੁਮਤ ਦੀ ਅਪੀਲ ਕੀਤੀ ਹੈ। -ਪੀਟੀਆਈ