ਹਰਿਆਣਾ ਆਈਪੀਐੱਸ ਖ਼ੁਦਕੁਸ਼ੀ ਮਾਮਲਾ: ਸ਼ਰਾਬ ਵਪਾਰੀ ਨੇ ਪੁਲੀਸ ਅਧਿਕਾਰੀ ਦੇ ਗੰਨਮੈਨ ’ਤੇ ਲਾਏ ਗੰਭੀਰ ਦੋਸ਼
IPS Puran Kumar suicide case: ਹਰਿਆਣਾ ਦੇ ਸੀਨੀਅਰ ਆਈਪੀਐਸ ਅਧਿਕਾਰੀ ਵਾਈ. ਪੂਰਨ ਕੁਮਾਰ ਦੇ ਖੁਦਕੁਸ਼ੀ ਮਾਮਲੇ ਵਿੱਚ ਇੱਕ ਨਵਾਂ ਮੋੜ ਆਇਆ ਹੈ। ਇੱਕ ਸ਼ਰਾਬ ਵਪਾਰੀ ਨੇ ਪੂਰਨ ਕੁਮਾਰ ਦੇ ਗੰਨਮੈਨ ਸੁਸ਼ੀਲ ’ਤੇ ਮਹੀਨਾਵਾਰ ਭੁਗਤਾਨ ਦੀ ਮੰਗ ਕਰਨ ਦਾ ਦੋਸ਼ ਲਗਾਇਆ ਹੈ।
ਵਪਾਰੀ ਨੇ ਦੋਸ਼ ਲਗਾਇਆ ਕਿ ਉਸ ਨੂੰ ਜੂਨ ਵਿੱਚ ਰੋਹਤਕ ਦੇ ਆਈਜੀ ਦਫ਼ਤਰ ਵਿੱਚ ਬੁਲਾ ਕੇ ਧਮਕੀ ਦਿੱਤੀ ਗਈ ਅਤੇ ਉੱਥੇ ਮਾਨਸਿਕ ਤਸੀਹੇ ਵੀ ਦਿੱਤੇ ਗਏ। ਸ਼ਰਾਬ ਵਪਾਰੀ ਮੁਤਾਬਕ ਗੰਨਮੈਨ ਸੁਸ਼ੀਲ ਨੇ ਉਸ ਤੋਂ ਮਹੀਨਾਵਾਰ ਭੁਗਤਾਨ ਦੀ ਮੰਗ ਕੀਤੀ ਸੀ।
ਸ਼ਰਾਬ ਕਾਰੋਬਾਰੀ ਨੇ ਆਪਣੀ ਹੱਡਬੀਤੀ ਦੱਸਦਿਆਂ ਇਕ ਵੀਡੀਓ ਵੀ ਜਾਰੀ ਕੀਤਾ ਹੈ ਤੇ ਪੁਲੀਸ ਨੂੰ ਇੱਕ ਆਡੀਓ ਰਿਕਾਰਡਿੰਗ ਵੀ ਸੌਂਪੀ ਹੈ। ਅਰਬਨ ਅਸਟੇਟ ਪੁਲੀਸ ਥਾਣੇ ਵਿਚ ਇਸ ਸਬੰਧੀ ਸ਼ਿਕਾਇਤ ਵੀ ਦਰਜ ਕੀਤੀ ਗਈ ਹੈ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗੰਨਮੈਨ ਸੁਸ਼ੀਲ ਨੂੰ ਪੁਲੀਸ ਨੇ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਹਰਿਆਣਾ ਕੇਡਰ ਦੇ 2001 ਬੈਚ ਦੇ ਆਈਪੀਐਸ ਅਧਿਕਾਰੀ ਵਾਈ. ਪੂਰਨ ਕੁਮਾਰ ਨੇ ਮੰਗਲਵਾਰ ਨੂੰ ਚੰਡੀਗੜ੍ਹ ਦੇ ਸੈਕਟਰ 11 ਸਥਿਤ ਆਪਣੇ ਘਰ ਵਿਚ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਉਨ੍ਹਾਂ ਦਾ ਹਾਲ ਹੀ ਵਿੱਚ ਰੋਹਤਕ ਦੇ ਸੁਨਾਰੀਆ ਸਥਿਤ ਪੁਲੀਸ ਸਿਖਲਾਈ ਕਾਲਜ ਵਿੱਚ ਆਈਜੀ ਵਜੋਂ ਤਬਾਦਲਾ ਹੋਇਆ ਸੀ। ਘਟਨਾ ਸਮੇਂ ਉਹ ਛੁੱਟੀ 'ਤੇ ਸਨ, ਜਦੋਂ ਕਿ ਉਨ੍ਹਾਂ ਦੀ ਪਤਨੀ, ਸੀਨੀਅਰ ਆਈਏਐਸ ਅਧਿਕਾਰੀ ਅਮਨੀਤ ਪੀ. ਕੁਮਾਰ, ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਜਾਪਾਨ ਦੇ ਦੌਰੇ ’ਤੇ ਸਨ।