ਪੰਜਾਬ ਦੇ ਹੜ੍ਹ ਪੀੜਤਾਂ ਨਾਲ ਖੜ੍ਹੀ ਹੈ ਹਰਿਆਣਾ ਸਰਕਾਰ
ਆਤਿਸ਼ ਗੁਪਤਾ
ਪੰਜਾਬ ’ਚ ਹੜ੍ਹਾਂ ਕਰ ਕੇ ਮਹੀਨੇ ਤੋਂ 2,300 ਪਿੰਡਾਂ ਵਿੱਚ ਤਬਾਹੀ ਆਈ ਹੋਈ ਹੈ। ਲੱਖਾਂ ਲੋਕ ਬੇਘਰ ਹੋ ਗਏ ਹਨ ਅਤੇ ਹਜ਼ਾਰਾਂ ਏਕੜ ਫ਼ਸਲ ਤਬਾਹ ਹੋ ਗਈ ਹੈ। ਅਜਿਹੇ ਹਾਲਾਤ ’ਚ ਦੁਨੀਆ ਭਰ ਤੋਂ ਲੋਕ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਵਿੱਚ ਜੁਟੇ ਹੋਏ ਹਨ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਵੀ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਵਿੱਚ ਡਟ ਗਈ ਹੈ, ਜਿਸ ਵੱਲੋਂ ਰੋਜ਼ਾਨਾ ਹਰਿਆਣਾ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਪੰਜਾਬ ਦੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦੇ ਟਰੱਕ ਰਵਾਨਾ ਕੀਤੇ ਜਾ ਰਹੇ ਹਨ। ਹਰਿਆਣਾ ਸਰਕਾਰ ਵੱਲੋਂ ਹੜ੍ਹ ਪੀੜਤਾਂ ਲਈ ਖਾਣ-ਪੀਣ ਦੀ ਸਮੱਗਰੀ ਅਤੇ ਦਵਾਈਆਂ ਭੇਜੀਆਂ ਜਾ ਰਹੀਆਂ ਹਨ।
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਕਹਿਣਾ ਹੈ ਕਿ ਇਨਸਾਨੀਅਤ ਤੋਂ ਵੱਧ ਕੇ ਕੋਈ ਧਰਮ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਦੋ ਸੂਬੇ ਨਹੀਂ, ਸਗੋਂ ਭਰਾ ਹਨ। ਜਦੋਂ ਵੀ ਇਕ ਸੂਬੇ ’ਤੇ ਕੋਈ ਸੰਕਟ ਆਉਂਦਾ ਹੈ ਤਾਂ ਹਮੇਸ਼ਾ ਦੂਜਾ ਸੂਬਾ ਮਦਦ ਕਰਨ ਲਈ ਭੱਜਿਆ ਆਉਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਹੜ੍ਹਾਂ ਕਰ ਕੇ ਵਧੇਰੇ ਨੁਕਸਾਨ ਹੋ ਗਿਆ ਹੈ, ਪਰ ਹਰਿਆਣਾ ਵੀ ਚੁੱਪ ਕਰ ਕੇ ਨਹੀਂ ਬੈਠੇਗਾ। ਸਰਕਾਰ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋੜੀਂਦੀ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਰਾਹਤ ਸਮੱਗਰੀ ਨਹੀਂ ਹੈ, ਸਗੋਂ ਉਨ੍ਹਾਂ ਦੇ ਭਾਈਚਾਰੇ ਅਤੇ ਆਪਸੀ ਪ੍ਰੇਮ ਦੀ ਮਿਸਾਲ ਹੈ, ਜਿਸ ਨੂੰ ਉਹ ਕਦੇ ਵੀ ਖਤਮ ਨਹੀਂ ਹੋਣ ਦੇਣਗੇ।