ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ 52.14 ਕਰੋੜ ਰੁਪਏ ਦਾ ਮੁਆਵਜ਼ਾ
ਆਤਿਸ਼ ਗੁਪਤਾ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਸੂਬੇ ਵਿੱਚ ਖਰਾਬ ਮੌਸਮ, ਭਾਰੀ ਬਰਸਾਤ ਅਤੇ ਗੜ੍ਹੇਮਾਰੀ ਕਰਕੇ 2025 ਦੀਆਂ ਫ਼ਸਲਾਂ ਦੇ ਖਰਾਬ ਹੋਣ ਲਈ 52.14 ਕਰੋੜ ਰੁਪਏ ਦਾ ਮੁਆਵਜ਼ਾ ਜਾਰੀ ਕੀਤਾ ਹੈ। ਇਸ ਨਾਲ ਸੂਬੇ ਦੇ 22,617 ਕਿਸਾਨਾਂ ਨੂੰ ਲਾਭ ਮਿਲੇਗਾ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਹ ਮੁਆਵਜ਼ਾ ਰਾਸ਼ੀ ਅੱਜ ਚੰਡੀਗੜ੍ਹ ’ਚ ਸਥਿਤ ਹਰਿਆਣਾ ਭਵਨ ਤੋਂ ਜਾਰੀ ਕੀਤਾ ਹੈ। ਇਸ ਮੌਕੇ ਉਨ੍ਹਾਂ ਆਪਦਾ ਪ੍ਰਬੰਧਨ ਵਿਭਾਗ ਦੀ ਵੈੱਬਸਾਇਟ ਦੀ ਵੀ ਸ਼ੁਰੂਆਤ ਕੀਤੀ ਹੈ। ਸੈਣੀ ਨੇ ਕਿਹਾ ਕਿ ਪੂਰੀ ਤਰ੍ਹਾ ਤਸਦੀਕ ਤੋਂ ਬਾਅਦ ਸੂਬੇ ਵਿੱਚ 57,485 ਏਕੜ ਜ਼ਮੀਨ ਮੁਆਵਜ਼ੇ ਲਈ ਯੋਗ ਪਾਈ ਗਈ ਹੈ। ਇਹ ਜ਼ਮੀਨ ਅੰਬਾਲਾ, ਭਿਵਾਨੀ, ਚਰਖੀ ਦਾਦਰੀ, ਗੁਰੂਗ੍ਰਾਮ, ਹਿਸਾਰ, ਝੱਜਰ, ਜੀਂਦ, ਕੈਥਲ, ਕੁਰੂਕਸ਼ੇਤਰ, ਮਹਿੰਦਰਗੜ੍ਹ, ਮੇਵਾਤ, ਪਲਵਲ, ਰਿਵਾੜੀ, ਰੋਹਤਕ ਅਤੇ ਯਮੁਨਾਨਗਰ ਵਿੱਚ ਸਥਿਤ ਹੈ। ਮੁੱਖ ਮੰਤਰੀ ਨੇ ਕਿਹਾ ਕਿ ਫਸਲ ਖਰਾਬੇ ਵਾਲੇ ਜ਼ਿਲ੍ਹਿਆਂ ਵਿੱਚ ਰਿਵਾੜੀ ਨੂੰ ਸੱਭ ਤੋਂ ਵੱਧ 19.92 ਕਰੋੜ ਰੁਪਏ, ਮਹਿੰਦਰਗੜ੍ਹ ਨੂੰ 10.74 ਕਰੋੜ ਰੁਪਏ, ਝੱਜਰ ਨੂੰ 8.33 ਕਰੋੜ ਰੁਪਏ, ਗੁਰੂਗ੍ਰਾਮ ਨੂੰ 4.07 ਕਰੋੜ ਰੁਪਏ, ਚਰਖੀ ਦਾਦਰੀ ਨੂੰ 3.67 ਕਰੋੜ ਰੁਪਏ ਅਤੇ ਭਿਵਾਨੀ ਨੂੰ 2.24 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਹੈ। ਇਸ ਮੁਆਵਜ਼ੇ ਦਾ ਉਦੇਸ਼ 2025 ਦੇ ਸੀਜ਼ਨ ਦੌਰਾਨ ਖ਼ਰਾਬ ਮੌਸਮ ਕਾਰਨ ਕਿਸਾਨਾਂ ਦੀ ਫ਼ਸਲ ਖਰਾਬੇ ਮੌਕੇ ਉਨ੍ਹਾਂ ਦੀ ਸਹਾਇਤਾ ਕਰਨਾ ਹੈ। ਉਨ੍ਹਾਂ ਕਿਹਾ ਕਿ ਫਸਲ ਦੇ ਨੁਕਸਾਨ ਦਾ ਮੁਲਾਂਕਣ ‘ਸ਼ਤੀਪੂਰਤੀ ਪੋਰਟਲ’ ਰਾਹੀਂ ਕੀਤਾ ਗਿਆ ਹੈ। ਸੂਬੇ ਦੇ ਕਿਸਾਨਾਂ ਨੇ ਪੋਰਟਲ ’ਤੇ ਆਪਣਾ ਨੁਕਸਾਨ ਦਰਜ ਕਰਾਇਆ ਸੀ। ਅੱਜ ਉਨ੍ਹਾਂ ਦੀ ਮੁਆਵਜ਼ਾ ਰਾਸ਼ੀ ਜਾਰੀ ਕਰ ਦਿੱਤੀ ਹੈ।