ਹਰਿਆਣਾ ਸਰਕਾਰ ਨੇ ਕਰ ਦਾਤਾਵਾਂ ਲਈ ‘ਵਨ ਟਾਈਮ ਸੈਟਲਮੈਂਟ ਸਕੀਮ’ ਲਿਆਂਦੀ
ਹਰਿਆਣਾ ਸਰਕਾਰ ਨੇ ਛੋਟੇ ਟੈਕਸ ਦਾਤਾਵਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਵੈਟ, ਸੀ.ਐੱਸ.ਟੀ. ਸਣੇ ਹੋਰ ਐਕਟਾਂ ਤਹਿਤ ਬਕਾਇਆ ਟੈਕਸ ਦਾ ਨਿਬੇੜਾ ਕਰਨ ਲਈ ‘ਵਨ ਟਾਈਮ ਸੈਟਲਮੈਂਟ ਸਕੀਮ’ ਲਿਆਂਦੀ ਹੈ। ਇਸ ਯੋਜਨਾ ਤਹਿਤ ਟੈਕਸ ਦਾਤਾਵਾਂ ਨੂੰ 27 ਸਤੰਬਰ 2025 ਤੱਕ ਲਾਭ ਮਿਲੇਗਾ।
ਸੂਬਾ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਇਹ ਯੋਜਨਾ 30 ਜੂਨ 2017 ਤੱਕ ਦੇ ਸਮੇਂ ਲਈ ਬਕਾਇਆ ਰਕਮ ’ਤੇ ਲਾਗੂ ਹੋਵੇਗੀ।
ਸੂਬਾ ਸਰਕਾਰ ਨੇ ਦਸ ਲੱਖ ਰੁਪਏ ਤੱਕ ਦੇ ਬਕਾਇਆ ਟੈਕਸ ਦਾ ਭੁਗਤਾਨ ਕਰਨ ਵਾਲੇ ਨੂੰ ਜੁਰਮਾਨੇ ਅਤੇ ਵਿਆਜ ’ਤੇ ਲੱਖ ਰੁਪਏ ਦੀ ਛੋਟ ਦਿੱਤੀ ਹੈ, ਜਦੋਂ ਕਿ ਬਾਕੀ ਬਕਾਇਆ ਰਾਸ਼ੀ ’ਤੇ ਵੀ 60 ਫੀਸਦੀ ਤੱਕ ਛੋਟ ਦਿੱਤੀ ਗਈ ਹੈ।
ਦਸ ਲੱਖ ਤੋਂ ਵੱਧ ਅਤੇ ਦਸ ਕਰੋੜ ਰੁਪਏ ਤੱਕ ਦੇ ਬਕਾਇਆ ’ਤੇ 50 ਫੀਸਦੀ ਛੋਟ ਦਿੱਤੀ ਗਈ ਹੈ। ਇਸੇ ਤਰ੍ਹਾਂ ਦਸ ਕਰੋੜ ਰੁਪਏ ਤੋਂ ਵੱਧ ਦੇ ਮਾਮਲਿਆਂ ਵਿੱਚ ਸਿਰਫ਼ ਮੂਲ ਬਕਾਇਆ ਟੈਕਸ ਹੀ ਦੇਣਾ ਹੋਵੇਗਾ, ਜਦੋਂ ਕਿ ਵਿਆਜ ਅਤੇ ਜੁਰਮਾਨਾ ਸੌ ਫੀਸਦੀ ਮੁਆਫ ਕਰ ਦਿੱਤਾ ਹੈ। ਸੂਬਾ ਸਰਕਾਰ ਨੇ ਸੂਬੇ ਦੇ ਟੈਕਸ ਦਾਤਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ‘ਵਨ ਟਾਈਮ ਸੈਟਲਮੈਂਟ ਸਕੀਮ’ ਦਾ ਵਧ ਤੋਂ ਵਧ ਲਾਭ ਲੈਣ।
ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਵੱਲੋਂ ਪਹਿਲਾਂ ਲਿਆਂਦੀ ਗਈ ‘ਵਨ ਟਾਈਮ ਸੈਟਲਮੈਂਟ ਸਕੀਮ’ ਵਿੱਚ 97,039 ਟੈਕਸ ਦਾਤਾਵਾਂ ਨੇ 712.88 ਕਰੋੜ ਰੁਪਏ ਦੇ ਬਕਾਇਆ ਟੈਕਸ ਦਾ ਭੁਗਤਾਨ ਕੀਤਾ ਸੀ।
ਹਰਿਆਣਾ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਆਉਣ ਵਾਲੇ ਸਮੇਂ ਵਿੱਚ ਸੂਬੇ ਦੇ ਵਪਾਰੀਆਂ ਦੇ ਹਿੱਤ ਵਿੱਚ ਹੋਰ ਵੀ ਕਈ ਵੱਡੇ ਫੈਸਲੇ ਲਏ ਜਾਣਗੇ।